ਦੇਸ਼ 'ਚ ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ ਬਾਲੀਵੁੱਡ ਇੰਡਸਟਰੀ ਵੱਧ-ਚੜ੍ਹ ਕੇ ਮਦਦ ਕਰ ਰਹੀ ਹੈ। ਕਈ ਫ਼ਿਲਮੀ ਸਿਤਾਰੇ ਪ੍ਰਧਾਨ ਮੰਤਰੀ ਕੇਅਰਜ਼ ਫੰਡ 'ਚ ਵੱਡੀ ਰਕਮ ਦਾਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਕਈਆਂ ਨੇ ਇਸ ਮੁਸ਼ਕਲ ਸਮੇਂ ਵਿੱਚ ਲੋੜਵੰਦਾਂ ਤੇ ਗਰੀਬਾਂ ਦੀ ਮਦਦ ਕੀਤੀ ਹੈ। ਹੁਣ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਵੀ ਮਦਦ ਦਾ ਹੱਥ ਵਧਾਇਆ ਹੈ। ਉਨ੍ਹਾਂ ਨੇ 5 ਕਰੋੜ ਰੁਪਏ ਦਾਨ ਕੀਤੇ ਹਨ।
ਉਰਵਸ਼ੀ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਆਪਣੇ ਫੈਨਜ਼ ਨੂੰ ਵਰਚੁਅਲ ਡਾਂਸ ਮਾਸਟਰ ਕਲਾਸ ਦੇ ਆਯੋਜਨ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦਾ ਸੈਸ਼ਨ ਉਨ੍ਹਾਂ ਸਾਰਿਆਂ ਲਈ ਮੁਫ਼ਤ ਸੀ ਜੋ ਭਾਰ ਘਟਾਉਣਾ ਤੇ ਡਾਂਸ ਸਿੱਖਣਾ ਚਾਹੁੰਦੇ ਸਨ। ਇਸ ਦੌਰਾਨ ਉਨ੍ਹਾਂ ਨੇ ਜ਼ੁੰਬਾ, ਤਬਤਾ ਅਤੇ ਲਾਤੀਨੀ ਡਾਂਸ ਸਿਖਾਇਆ। ਟਿਕਟੌਕ 'ਤੇ ਇਸ ਡਾਂਸ ਮਾਸਟਰ ਕਲਾਸ ਨਾਲ ਉਨ੍ਹਾਂ ਨੇ 1 ਕਰੋੜ 18 ਲੱਖ ਲੋਕਾਂ ਨੂੰ ਨਾਲ ਜੋੜਿਆ। ਇਸ ਨਾਲ ਉਰਵਸ਼ੀ ਨੂੰ 5 ਕਰੋੜ ਰੁਪਏ ਦੀ ਕਮਾਈ ਹੋਈ, ਜਿਸ ਨੂੰ ਉਨ੍ਹਾਂ ਨੇ ਕੋਰੋਨਾ ਵਾਇਰਸ ਵਿਰੁੱਧ ਯੁੱਧ 'ਚ ਦਾਨ ਕਰ ਦਿੱਤਾ।
ਉਨ੍ਹਾਂ ਕਿਹਾ, "ਮੈਂ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਜੋ ਵੀ ਉਹ ਕਰ ਰਹੇ ਹਨ, ਨਾ ਸਿਰਫ਼ ਬਾਲੀਵੁੱਡ ਕਲਾਕਾਰ, ਰਾਜਨੇਤਾਵਾਂ, ਸੰਗੀਤਕਾਰਾਂ ਜਾਂ ਪੇਸ਼ੇਵਰ ਅਥਲੀਟਾਂ ਲਈ, ਸਗੋਂ ਆਮ ਲੋਕਾਂ ਲਈ ਵੀ, ਕਿਉਂਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਅਤੇ ਸਾਨੂੰ ਸਾਰਿਆਂ ਨੂੰ ਇੱਕ-ਦੂਜੇ ਦੇ ਸਮਰਥਨ ਦੀ ਜ਼ਰੂਰਤ ਹੈ। ਕੋਈ ਦਾਨ ਛੋਟਾ ਨਹੀਂ ਹੁੰਦਾ। ਅਸੀਂ ਮਿਲ ਕੇ ਇਸ ਨੂੰ ਹਰਾ ਸਕਦੇ ਹਾਂ।"
ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫ਼ਿਲਮ 'ਪਗਲਪੰਤੀ' ਵਿੱਚ ਨਜ਼ਰ ਆਈ ਸੀ। ਇਸ ਕਾਮੇਡੀ ਫਿਲਮ ਵਿੱਚ ਉਨ੍ਹਾਂ ਨੇ ਅਨਿਲ ਕਪੂਰ, ਜਾਨ ਅਬ੍ਰਾਹਮ, ਸੌਰਭ ਸ਼ੁਕਲਾ, ਪੁਲਕਿਤ ਸਮਰਾਟ ਜਿਹੇ ਸਿਤਾਰਿਆਂ ਨਾਲ ਕੰਮ ਕੀਤਾ। ਹਾਲਾਂਕਿ ਫਿਲਮ ਬਾਕਸ ਆਫਿਸ 'ਤੇ ਜ਼ਿਆਦਾ ਕਮਾਈ ਨਹੀਂ ਕਰ ਸਕੀ ਸੀ।
ਜ਼ਿਕਰਯੋਗ ਹੈ ਕਿ ਅਦਾਕਾਰੀ ਤੋਂ ਇਲਾਵਾ ਉਰਵਸ਼ੀ ਮਾਡਲ ਵੀ ਰਹਿ ਚੁੱਕੀ ਹੈ। ਉਰਵਸ਼ੀ ਨੇ ਫਿਲਮ ‘ਸਿੰਘ ਸਾਹਿਬ ਦੀ ਗਰੇਟ’ ਤੋਂ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਾਲ 2016 ਵਿੱਚ ਉਸ ਨੇ ‘ਸਨਮ ਰੇ’ ਵਿੱਚ ਬੇਹਤਰੀਨ ਪ੍ਰਦਰਸ਼ਨ ਕੀਤਾ। 2012 ਵਿੱਚ ਉਸ ਨੇ ਮਿਸ ਇੰਡੀਆ ਦਾ ਖਿਤਾਬ ਵੀ ਜਿੱਤਿਆ ਸੀ ਜਿਸ ਦੇ ਬਾਅਦ ਹੀ ਉਸ ਨੇ ਮਾਡਲਿੰਗ ਦੀ ਦੁਨੀਆ ਵਿੱਚ ਪੈਰ ਧਰਿਆ। ਉਰਵਸ਼ੀ ਨੂੰ ਕਸਰਤ ਤੇ ਯੋਗਾ ਕਰਨਾ ਬੇਹੱਦ ਪਸੰਦ ਹੈ। ਆਪਣੇ ਸੋਸ਼ਲ ਮੀਡੀਆ ’ਤੇ ਉਹ ਅਕਸਰ ਹੀ ਫਿਟਨਸ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।