ਵਰੁਣ ਧਵਨ, ਸ਼ਰਧਾ ਕਪੂਰ, ਪ੍ਰਭੂ ਦੇਵਾ ਅਤੇ ਨੋਰਾ ਫਤੇਹੀ ਦੀ ਫਿਲਮ 'ਸਟ੍ਰੀਟ ਡਾਂਸਰ 3 ਡੀ' ਸਿਨੇਮਾ ਘਰਾਂ 'ਚ ਆਉਣ ਵਾਲੀ ਹੈ। ਇਸ ਫਿਲਮ ਨੂੰ ਭਾਰਤੀ ਸਿਨੇਮਾ ਦੀ ਸਭ ਤੋਂ ਵੱਡੀ 3 ਡੀ ਡਾਂਸ ਫਿਲਮ ਦੱਸਿਆ ਜਾ ਰਿਹਾ ਹੈ। 24 ਜਨਵਰੀ 2020 ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਨੂੰ ਦਰਸ਼ਕਾਂ ਤੋਂ ਕਾਫੀ ਉਮੀਦਾਂ ਹਨ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਵਰੁਣ ਧਵਨ ਤੇ ਸ਼ਰਧਾ ਕਪੂਰ ਨੇ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਦਰਅਸਲ, ਫਿਲਮ ਦੇ ਰਿਲੀਜ਼ 'ਚ 24 ਘੰਟੇ ਤੋਂ ਵੀ ਘੱਟ ਸਮਾਂ ਬਚਿਆ ਹੈ। ਇਸ ਲਈ ਵਰੁਣ ਧਵਨ ਤੇ ਸ਼ਰਧਾ ਕਪੂਰ ਫਿਲਮ ਨੂੰ ਹਿੱਟ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ। ਅਜਿਹੇ 'ਚ ਇਹ ਦੋਵੇਂ ਅਦਾਕਾਰ ਆਪਣੀ ‘ਸਟ੍ਰੀਟ ਡਾਂਸਰ’ ਟੀਮ ਨਾਲ ਫਿਲਮ ਪ੍ਰਮੋਸ਼ਨ ਲਈ ਦਿੱਲੀ ਆਏ ਸਨ। ਇਸ ਦੌਰਾਨ ਉਹ ਦੋਵੇਂ ਟੀਮ ਨਾਲ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪਹੁੰਚੇ ਅਤੇ ਫਿਲਮ ਦੇ ਸਫਲ ਹੋਣ ਦੀ ਕਾਮਨਾ ਵੀ ਕੀਤੀ। ਦੋਹਾਂ ਨੇ ਗੁਰਦੁਆਰਾ ਬੰਗਲਾ ਸਾਹਿਬ 'ਚ ਕੁਝ ਸਮਾਂ ਬਿਤਾਇਆ ਅਤੇ ਮੱਥਾ ਟੇਕਣ ਤੋਂ ਬਾਅਦ ਦੋਵੇਂ ਸਿਤਾਰਿਆਂ ਨੇ ਗੁਰਦੁਆਰਾ ਸਾਹਿਬ 'ਚ ਸੇਵਾ ਵੀ ਕੀਤੀ।
ਜ਼ਿਕਰਯੋਗ ਹੈ ਕਿ 'ਸਟ੍ਰੀਟ ਡਾਂਸਰ 3 ਡੀ' ਨੂੰ ਯੂ/ਏ ਸਰਟੀਫਿਕੇਟ ਮਿਲਿਆ ਹੈ। ਇਹ ਇੱਕ ਸਾਫ਼-ਸੁਥਰੀ ਫਿਲਮ ਹੈ, ਜਿਸ ਦਾ ਨੌਜਵਾਨਾਂ ਦੇ ਨਾਲ-ਨਾਲ ਫੈਮਿਲੀ ਵੀ ਕਾਫੀ ਪਸੰਦ ਕਰੇਗੀ। ਫਿਲਮ 'ਚ ਮਨੋਰੰਜਨ, ਐਕਸ਼ਨ, ਡਾਂਸ ਅਤੇ ਜਜ਼ਬਾਤ ਦੇ ਨਾਲ-ਨਾਲ ਦੇਸ਼ ਭਗਤੀ ਵੀ ਵੇਖਣ ਨੂੰ ਮਿਲੇਗੀ। ਫਿਲਮ ਭਾਰਤ 'ਚ 3500 ਸਕ੍ਰੀਨਾਂ ਅਤੇ ਵਿਦੇਸ਼ਾਂ 'ਚ ਲਗਭਗ 800 ਸਕ੍ਰੀਨਜ਼ 'ਤੇ ਰਿਲੀਜ਼ ਹੋ ਰਹੀ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ 'ਸਟ੍ਰੀਟ ਡਾਂਸਰ 3 ਡੀ' ਫਿਲਮ 'ਏਬੀਸੀਡੀ' ਦੀ ਤੀਜੀ ਲੜੀ ਹੈ। ਇਸ ਦਾ ਪਹਿਲਾ ਪਾਰਟ ਸਾਲ 2013 'ਚ ਆਇਆ ਸੀ, ਜਦੋਂ ਕਿ ਦੂਜਾ ਪਾਰਟ 2015 'ਚ ਜਾਰੀ ਕੀਤਾ ਗਿਆ ਸੀ। ਪਹਿਲੇ ਪਾਰਟ ਦੀ ਸਫਲਤਾ ਨੂੰ ਵੇਖਦਿਆਂ ਵਰੁਣ ਧਵਨ ਅਤੇ ਸ਼ਰਧਾ ਕਪੂਰ ਨੇ ‘ਏਬੀਸੀਡੀ 2’ ਵਿੱਚ ਕੰਮ ਕੀਤਾ ਸੀ। ਇਸ ਦੇ ਨਾਲ ਹੀ 'ਸਟ੍ਰੀਟ ਡਾਂਸਰ 3 ਡੀ' ਦੇ ਤੀਜੇ ਪਾਰਟ 'ਚ ਮਸ਼ਹੂਰ ਆਈਟਮ ਗਰਲ ਨੋਰਾ ਫਤੇਹੀ ਦੀ ਐਂਟਰੀ ਹੋ ਗਈ ਹੈ। ਫਿਲਮ ਦਾ ਨਿਰਦੇਸ਼ਨ ਮਸ਼ਹੂਰ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਰੈਮੋ ਡੀਸੂਜ਼ਾ ਨੇ ਕੀਤਾ ਹੈ।