ਬਾਲੀਵੁੱਡ ਸੁਪਰ–ਸਟਾਰ ਸ਼ਾਹਰੁਖ਼ ਖ਼ਾਨ ਫ਼ਿਲਮ ਉਦਯੋਗ ਵਿੱਚ ਪਿਛਲੇ ਕੁਝ ਸਮੇਂ ਤੋਂ ਆਪਣੀ ਕਿਸੇ ਵੱਡੀ ਹਿੱਟ ਫ਼ਿਲਮ ਦੀ ਤਲਾਸ਼ ’ਚ ਹਨ। ਕਿੰਗ ਖ਼ਾਨ ਦੀਆਂ ਪਿਛਲੀਆਂ ਕੁਝ ਫ਼ਿਲਮਾਂ ਨੇ ਬਾਕਸ ਆਫ਼ਿਸ ਉੱਤੇ ਆਸ ਮੁਤਾਬਕ ਪ੍ਰਦਰਸ਼ਨ ਨਹੀਂ ਕੀਤਾ। ਪਰ ਸ਼ਾਹਰੁਖ਼ ਖ਼ਾਨ ਇੱਕ ਫਿਰ ਵਾਰ ਫਿਰ ਆਪਣੀ ਵਾਪਸੀ ਨੂੰ ਲੈ ਕੇ ਚਰਚਾ ਵਿੱਚ ਹਨ।
ਇਹ ਗੱਲ ਸਾਲ 2019 ਤੋਂ ਹੀ ਸਾਹਮਣੇ ਆ ਰਹੀ ਹੈ ਕਿ ਉਹ ਰਾਜਕੁਮਾਰੀ ਹੀਰਾਨੀ ਦੀ ਫਿਲ਼ਮ ਦਾ ਹਿੱਸਾ ਹੋਣਗੇ ਤੇ ਫ਼ਿਲਮ ਵਿੱਚ ਉਨ੍ਹਾਂ ਦੇ ਸਾਹਮਣੇ ਕਰੀਨਾ ਕਪੂਰ ਖ਼ਾਨ ਵਿਖਾਈ ਦੇਣਗੇ।
ਕੁਝ ਮੀਡੀਆ ਰਿਪੋਰਟਾਂ ਮੁਤਾਬਕ ਸ਼ਾਹਰੁਖ਼ ਖ਼ਾਨ ਨੇ ਰਾਜਕੁਮਾਰ ਹੀਰਾਨੀ ਦੀ ਫ਼ਿਲਮ ਲਈ ਹਾਂ ਕਰ ਦਿੱਤੀ ਹੈ। ਸ਼ਾਹਰੁਖ਼ ਨਾਲ ਫ਼ਿਲਮ ਵਿੱਚ ਕੰਮ ਕਰਨ ਲਈ ਕਰੀਨਾ ਕਪੂਰ ਖ਼ਾਨ ਨੇ ਵੀ ਹਾਂ ਕਰ ਦਿੱਤੀ ਹੈ। ਉਂਝ ਭਾਵੇਂ ਫ਼ਿਲਮ ਬਾਰੇ ਹਾਲੇ ਅਧਿਕਾਰਤ ਐਲਾਨ ਹੋਣਾ ਬਾਕੀ ਹੈ।
ਚੇਤੇ ਰਹੇ ਕਿ ਪਿਛਲੇ ਸਾਲ ਤੋਂ ਹੀ ਅਜਿਹੀ ਚਰਚਾ ਚੱਲ ਰਹੀ ਹੈ ਕਿ ਸ਼ਾਹਰੁਖ਼ ਹੁਣ ਰਾਜਕੁਮਾਰ ਹੀਰਾਨੀ ਦੀ ਕਿਸੇ ਫ਼ਿਲਮ ਵਿੱਚ ਕੰਮ ਕਰਦੇ ਵਿਖਾਈ ਦੇ ਸਕਦੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਆਖ਼ਰ ਇਹ ਪ੍ਰੋਜੈਕਟ ਕਿਹੋ ਜਿਹਾ ਹੋਵੇਗਾ ਤੇ ਕੀ ਇਹ ਸ਼ਾਹਰੁਖ਼ ਦੇ ਡੁੱਬਦੇ ਕਰੀਅਰ ਨੂੰ ਸੰਭਾਲ਼ ਸਕੇਗਾ।
ਸ਼ਾਹਰੁਖ਼ ਖ਼ਾਨ ਦੀ ਪਿਛਲੀ ਫ਼ਿਲਮ ‘ਜ਼ੀਰੋ’ ਸੀ, ਜੋ ਸਾਲ 2018 ਦੇ ਅੰਤ ’ਚ ਰਿਲੀਜ਼ ਹੋਈ ਸੀ। ਉਸ ਫ਼ਿਲਮ ਵਿੱਚ ਸ਼ਾਹਰੁਖ਼ ਖ਼ਾਨ ਨੇ ਇੱਕ ਬੌਣੇ ਵਿਅਕਤੀ ਦੀ ਭੂਮਿਕਾ ਨਿਭਾਈ ਸੀ। ਉਸ ਫ਼ਿਲਮ ਵਿੱਚ ਅਨੁਸ਼ਕਾ ਸ਼ਰਮਾ ਤੇ ਕੈਟਰੀਨਾ ਕੈਫ਼ ਵੀ ਸਨ। ਉਹ ਫ਼ਿਲਮ ਬਾਕਸ ਆਫ਼ਿਸ ਉੱਤੇ ਕੋਈ ਖ਼ਾਸ ਕਮਾਲ ਨਹੀਂ ਵਿਖਾ ਸਕੀ ਸੀ ਪਰ ਸਾਰੇ ਅਦਾਕਾਰਾਂ ਦੀ ਐਕਟਿੰਗ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ।
ਬਹੁਤ ਸਾਰੇ ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਸ਼ਾਹਰੁਖ਼ ਖ਼ਾਨ ਨੂੰ ਵਧੀਆ ਵਿਸ਼ੇ ਉੱਤੇ ਬਣੀਆਂ ਫ਼ਿਲਮਾਂ ’ਚ ਕੰਮ ਕਰਨਾ ਚਾਹੀਦਾ ਹੈ। ਪਰ ਸ਼ਾਹਰੁਖ਼ ਖ਼ਾਨ ਸਦਾ ਮਸਾਲੇਦਾਰ ਫ਼ਿਲਮਾਂ ਪਸੰਦ ਕਰਦੇ ਹਨ।