ਫ਼ਿਲਮ ਪ੍ਰੋਡਿਊਸਰ ਕਰੀਮ ਮੋਰਾਨੀ ਦੀ ਧੀ ਜ਼ੋਆ ਮੋਰਾਨੀ ਨੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਲਈ ਖ਼ੂਨਦਾਨ ਕੀਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਦੱਸ ਦੇਈਏ ਕਿ ਜ਼ੋਆ ਮੋਰਾਨੀ ਕੁਝ ਸਮਾਂ ਪਹਿਲਾਂ ਹੀ ਕੋਰੋਨਾ ਤੋਂ ਠੀਕ ਹੋਈ ਸੀ। ਉਸ ਦੇ ਪਿਤਾ ਕਰੀਮ ਮੋਰਾਨੀ ਤੇ ਭੈਣ ਸ਼ਾਜੀਆ ਮੋਰਨੀ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ, ਪਰ ਹੁਣ ਸਾਰੇ ਠੀਕ ਹੋਣ ਮਗਰੋਂ ਹਸਪਤਾਲ ਤੋਂ ਘਰ ਵਾਪਸ ਆ ਗਏ ਹਨ।
ਜ਼ੋਆ ਨੇ ਇੰਸਟਾਗ੍ਰਾਮ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਪਲਾਜ਼ਮਾ ਥੈਰੇਪੀ ਲਈ ਖ਼ੂਨਦਾਨ ਕਰਦੀ ਵਿਖਾਈ ਦੇ ਰਹੀ ਹੈ। ਤਸਵੀਰਾਂ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਅੱਜ ਮੈਂ ਪਲਾਜ਼ਮਾ ਥੈਰੇਪੀ ਲਈ ਆਪਣਾ ਖ਼ੂਨਦਾਨ ਕੀਤਾ। ਇਹ ਬਹੁਤ ਉਤਸ਼ਾਹਜਨਕ ਸੀ। ਉੱਥੇ ਦੀ ਟੀਮ ਬਹੁਤ ਮਦਦ ਤੇ ਦੇਖਭਾਲ ਕਰਨ ਵਾਲੀ ਸੀ। ਇਸ ਦੇ ਨਾਲ ਹੀ ਉੱਥੇ ਐਮਰਜੈਂਸੀ ਲਈ ਇੱਕ ਜਨਰਲ ਡਾਕਟਰ ਵੀ ਮੌਜੂਦ ਸਨ। ਉਨ੍ਹਾਂ ਨੇ ਮੈਨੂੰ 500 ਰੁਪਏ ਅਤੇ ਇੱਕ ਸਰਟੀਫ਼ਿਕੇਟ ਵੀ ਦਿੱਤਾ ਹੈ।"
ਦੱਸ ਦੇਈਏ ਕਿ ਪਲਾਜ਼ਮਾ ਥੈਰੇਪੀ ਕੋਰੋਨਾ ਦੇ ਇਲਾਜ ਵਿੱਚ ਬਹੁਤ ਮਦਦਗਾਰ ਹੁੰਦੀ ਹੈ। ਇਸ ਪ੍ਰਕਿਰਿਆ ਵਿੱਚ ਮਰੀਜ਼ ਨੂੰ ਕੋਰੋਨਾ ਪਾਜ਼ੀਟਿਵ ਰਹਿ ਚੁੱਕੇ ਵਿਅਕਤੀ ਦੇ ਖ਼ੂਨ 'ਚੋਂ ਪਲਾਜ਼ਮਾ ਲੈ ਕੇ ਦੂਜੇ ਪੀੜਤ ਮਰੀਜ਼ ਨੂੰ ਚੜ੍ਹਾਇਆ ਜਾਂਦਾ ਹੈ। ਜ਼ੋਆ ਵੀ ਕੋਰੋਨਾ ਪਾਜ਼ੀਟਿਵ ਰਹਿ ਚੁੱਕੀ ਹੈ ਤਾਂ ਉਨ੍ਹਾਂ ਨੇ ਹੋਰ ਮਰੀਜ਼ਾਂ ਦੇ ਇਲਾਜ ਲਈ ਆਪਣਾ ਖ਼ੂਨਦਾਨ ਕੀਤਾ। ਇਸ ਖ਼ੂਨ ਦੀ ਸਹਾਇਤਾ ਨਾਲ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਅਦਾਕਾਰਾ ਜ਼ੋਆ ਮੋਰਾਨੀ ਬੀਤੀ 7 ਅਪ੍ਰੈਲ ਨੂੰ ਕੋਰੋਨਾ ਵਾਇਰਸ ਪਾਜ਼ੀਟਿਵ ਪਾਈ ਗਈ ਸੀ। ਜਿਸ ਤੋਂ ਬਾਅਦ ਉਸ ਨੂੰ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਆਈਸੀਯੂ 'ਚ ਸ਼ਿਫ਼ਟ ਕੀਤਾ ਦਿੱਤਾ ਗਿਆ ਸੀ। ਬਾਅਦ 'ਚ ਜ਼ੋਇਆ ਦੇ ਪਿਤਾ ਅਤੇ ਫ਼ਿਲਮ ਨਿਰਮਾਤਾ ਕਰੀਮ ਮੋਰਾਨੀ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਹਸਪਤਾਲ 'ਚੋਂ ਛੁੱਟੀ ਮਿਲਣ ਮਗਰੋਂ ਜ਼ੋਆ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸੈਲਫੀ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਸੀ।