ਅਗਲੀ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਦੌਰਾਨ ਕਿਸਾਨਾਂ ਨੂੰ ਹੁਣ ਬੈਂਕਾਂ ਤੋ਼ ਕਰਜ਼ਾ ਲੈਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਇਸ ਲਈ ਸਰਕਾਰ ਨੇ ਅਗਲੇ 100 ਦਿਨਾਂ ’ਚ ਇੱਕ ਕਰੋੜ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ (KCC) ਉਪਲਬਧ ਕਰਵਾਉਣ ਦਾ ਫ਼ੈਸਲਾ ਲਿਆ ਹੈ।
ਕਿਸਾਨਾਂ ਨੂੰ ਆਸਾਨੀ ਨਾਲ ਇਹ ਕਾਰਡ ਮਿਲ ਸਕੇ, ਇਸ ਲਈ ਬੈਂਕਾਂ ਨੂੰ ਅਰਜ਼ੀ ਮਿਲਣ ਦੇ ਦੋ ਹਫ਼ਤਿਆਂ ਅੰਦਰ ਨਾ ਸਿਰਫ਼ ਇਹ ਕਾਰਡ ਜਾਰੀ ਕਰਨ ਲਈ ਕਿਹਾ ਗਿਆ ਹੈ, ਸਗੋਂ ਉਨ੍ਹਾਂ ਨੂੰ ਖ਼ਾਸ ਕੈਂਪ ਲਾ ਕੇ ਵੀ ਇਨ੍ਹਾਂ ਦੀ ਵੰਡ ਕਰਨ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇਸ ਕੰਮ ਵਿੱਚ ਕੇਂਦਰ ਨੇ ਸਾਰੇ ਸੂਬਿਆਂ ਤੋਂ ਵੀ ਸਹਿਯੋਗ ਮੰਗਿਆ ਹੈ।
ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਇਸ ਸਬੰਧੀ ਵਿਡੀਓ ਕਾਨਫ਼ਰੰਸਿੰਗ ਰਾਹੀਂ ਸਾਰੇ ਰਾਜਾਂ ਦੇ ਖੇਤੀ ਮੰਤਰੀਆਂ ਨਾਲ ਗੱਲਬਾਤ ਕੀਤੀ। ਸਭ ਤੋਂ ਵੱਧ ਜ਼ੋਰ ਕਿਸਾਨ ਕ੍ਰੈਡਿਟ ਕਾਰਡਾਂ ਉੱਤੇ ਹੀ ਰੱਖਿਆ ਗਿਆ।
ਇਸ ਵੇਲੇ ਦੇਸ਼ ਵਿੱਚ ਲਗਭਗ 6.95 ਕਰੋੜ ਕਿਸਾਨ ਕਾਰਡ ਹੀ ਸਰਗਰਮ ਹਨ। ਸਰਕਾਰ ਨੇ ਹੁਣ ਬੈਂਕਾਂ ਨੂੰ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰਨ ਲਈ ਆਖਿਆ ਹੈ।
ਵਿੱਤ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੈਂਕਾਂ ਨੂੰ ਦਿਹਾਤੀ ਤੇ ਕਸਬਿਆਂ ਵਾਲੇ ਇਲਾਕਿਆਂ ਵਿੱਚ ਕੈਂਪ ਲਾ ਕੇ ਕਿਸਾਨ ਕ੍ਰੈਡਿਟ ਕਾਰਡ ਬਣਾਉਣ ਦੀ ਮੁਹਿੰਮ ਚਲਾਉਣ ਲਈ ਆਖਿਆ ਗਿਆ ਹੈ।