ਭਾਰਤੀ ਜਨਤਾ ਪਾਰਟੀ ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਦਿਲੀਪ ਘੋਸ਼ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਦੇਸ਼ ਭਰ ਚ ਪ੍ਰਸਤਾਵਿਤ ਰਾਸ਼ਟਰੀ ਸਿਵਲ ਰਜਿਸਟਰ ਨੂੰ ਲਾਗੂ ਕਰਨ ਲਈ ਵਚਨਬੱਧ ਹੈ ਅਤੇ ਸੂਬੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਇੱਕ ਕਰੋੜ ਬੰਗਲਾਦੇਸ਼ੀ ਮੁਸਲਮਾਨਾਂ ਨੂੰ ਵਾਪਸ ਭੇਜਾਂਗੇ।
ਪੱਛਮੀ ਬੰਗਾਲ ਦੇ ਉੱਤਰੀ 24 ਪਰਗਣਾ ਜ਼ਿਲ੍ਹੇ ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਘੋਸ਼ ਨੇ ਕਿਹਾ ਕਿ ਜਿਹੜੇ ਲੋਕ ਸੋਧੇ ਹੋਏ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਹਨ, ਉਹ ਬੰਗਾਲ ਵਿਰੋਧੀ ਅਤੇ ਭਾਰਤ ਦੇ ਵਿਚਾਰ ਦੇ ਵਿਰੁੱਧ ਹਨ। ਸੂਬੇ ਚ ਇੱਕ ਕਰੋੜ ਗੈਰਕਾਨੂੰਨੀ ਮੁਸਲਮਾਨ ਸਰਕਾਰ ਤੋਂ 2 ਰੁਪਏ ਪ੍ਰਤੀ ਕਿਲੋ ਚਾਵਲ ਸਕੀਮ ਦਾ ਲਾਭ ਲੈ ਰਹੇ ਹਨ। ਅਸੀਂ ਉਨ੍ਹਾਂ ਨੂੰ ਵਾਪਸ ਭੇਜਾਂਗੇ।
ਘੋਸ਼ ਨੇ ਕਿਹਾ, “ਜਿਹੜੇ ਸੋਧੇ ਹੋਏ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਹਨ ਉਹ ਜਾਂ ਤਾਂ ਭਾਰਤ ਵਿਰੋਧੀ ਜਾਂ ਬੰਗਾਲੀ ਵਿਰੋਧੀ ਹਨ। ਉਹ ਭਾਰਤ ਦੇ ਵਿਚਾਰ ਦੇ ਵਿਰੁੱਧ ਹਨ ਅਤੇ ਇਸੇ ਲਈ ਉਹ ਹਿੰਦੂ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦਾ ਵਿਰੋਧ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ ਪਹਿਲੀ ਪਾਰਟੀ ਹੈ ਜਿਸ ਨੇ ਸੱਤਾ ਚ ਆਉਣ ਤੋਂ ਬਾਅਦ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਬਾਰੇ ਸੋਚਿਆ, ਜਦੋਂ ਕਿ ਹੋਰ ਸਾਰੀਆਂ ਪਾਰਟੀਆਂ ਨੇ ਇਨ੍ਹਾਂ ਨੂੰ ਵੋਟ ਬੈਂਕ ਵਜੋਂ ਵਰਤਿਆ।