ਹਰਿਆਣਾ ’ਚ ਸਰਕਾਰ ਬਣਨ ਦੇ 17 ਦਿਨਾਂ ਪਿੱਛੋਂ ਅੱਜ ਆਖ਼ਰ ਮੰਤਰੀ ਮੰਡਲ ਦਾ ਵਿਸਥਾਰ ਕਰ ਦਿੱਤਾ ਗਿਆ। ਭਾਜਪਾ ਦੇ ਸੀਨੀਅਰ ਆਗੂ ਅਨਿਲ ਵਿਜ ਸਮੇਤ ਛੇ ਵਿਧਾਇਕਾਂ ਨੇ ਕੈਬਿਨੇਟ ਮੰਤਰੀ ਵਜੋਂ ਸਹੁੰ ਚੁੱਕੀ। ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਸਮੇਤ ਚਾਰ ਵਿਧਾਇਕਾਂ ਨੂੰ ਰਾਜ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਗਈ।
ਖੱਟਰ ਸਰਕਾਰ ਵਿੱਚ ਸਹੁੰ ਚੁੱਕਣ ਵਾਲੇ ਕੁੱਲ 10 ਮੰਤਰੀਆਂ ਵਿੱਚੋਂ ਇੱਕ ਆਜ਼ਾਦ ਵਿਧਾਇਕ ਰਣਜੀਤ ਸਿੰਘ ਚੌਟਾਲਾ ਵੀ ਹਨ; ਜੋ ਇੰਡੀਅਨ ਨੇਸ਼ਨਲ ਲੋਕ ਦਲ ਦੇ ਮੁਖੀ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਭਰਾ ਹਨ।
ਸ੍ਰੀ ਅਨਿਲ ਵਿੱਜ ਐਤਕੀਂ ਛੇਵੀਂ ਵਾਰ ਵਿਧਾਇਕ ਚੁਣੇ ਗਏ ਹਨ। ਪਿਛਲੀ ਸਰਕਾਰ ’ਚ ਉਹ ਸਿਹਤ ਮੰਤਰੀ ਸਨ। ਮੂਲਚੰਦ ਸ਼ਰਮਾ ਬੱਲਭਗੜ੍ਹ ਤੋਂ ਭਾਜਪਾ ਵਿਧਾਇਕ ਹਨ। ਉਨ੍ਹਾਂ ਵੀ ਅੱਜ ਮੰਤਰੀ ਵਜੋਂ ਹਲਫ਼ ਲਿਆ।
ਸ੍ਰੀ ਵਿਜ ਤੋਂ ਬਾਅਦ ਜਗਾਧਰੀ ਤੋਂ ਭਾਜਪਾ ਵਿਧਾਇਕ ਕੰਵਰ ਪਾਲ ਗੁੱਜਰ ਨੇ ਹਲਫ਼ ਲਿਆ। ਉਹ ਇਸੇ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਰਾਣੀਆ ਤੋਂ ਆਜ਼ਾਦ ਵਿਧਾਇਕ ਰਣਜੀਤ ਸਿੰਘ ਚੌਟਾਲਾ ਨੂੰ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ।
ਬਾਵਲ ਤੋਂ ਭਾਜਪਾ ਵਿਧਾਇਕ ਬਨਵਾਰੀ ਲਾਲ ਨੂੰ ਵੀ ਕੈਬਿਨੇਟ ਮੰਤਰੀ ਬਣਾਇਆ ਗਿਆ ਹੈ। ਇੰਝ ਹੀ ਭਿਵਾਨੀ ਜ਼ਿਲ੍ਹੇ ਦੇ ਲੋਹਾਰੂ ਹਲਕੇ ਤੋਂ ਭਾਜਪਾ ਵਿਧਾਇਕ ਜੇਪੀ ਦਲਾਲ ਨੂੰ ਵੀ ਕੈਬਿਨੇਟ ਮੰਤਰੀ ਵਜੋਂ ਸਹੁੰ ਚੁਕਾਈ ਗਈ।
ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਉਹ ਪੇਹੋਵਾ ਤੋਂ ਭਾਜਪਾ ਵਿਧਾਇਕ ਹਨ। ਓਮ ਪ੍ਰਕਾਸ਼ ਯਾਦਵ ਨੇ ਵੀ ਰਾਜ ਮੰਤਰੀ ਵਜੋਂ ਹਲਫ਼ ਲਿਆ। ਉਹ ਨਾਰਨੌਲ ਤੋਂ ਭਾਜਪਾ ਵਿਧਾਇਕ ਹਨ। ਉਹ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਹਨ।
ਭਾਜਪਾ ਦੀਆਂ ਤਿੰਨ ਮਹਿਲਾ ਵਿਧਾਇਕਾਂ ਵਿੱਚੋਂ ਇੱਕ ਕਮਲੇਸ਼ ਢਾਂਡਾ ਨੂੰ ਰਾਜ ਮੰਤਰੀ (ਆਜ਼ਾਦ ਚਾਰਜ) ਵਜੋਂ ਸਹੁੰ ਚੁਕਾਈ ਗਈ। ਉਹ ਕਲਾਇਤ ਹਲਕੇ ਤੋਂ ਵਿਧਾਇਕਾ ਹਨ। ਉਹ ਹਾਲੇ ਤੱਕ ਖੱਟਰ ਸਰਕਾਰ ਵਿੱਚ ਇਕਲੌਤੀ ਮਹਿਲਾ ਮੰਤਰੀ ਹੋਣਗੇ।
ਇੰਝ ਹੀ ਉਕਲਾਣਾ ਹਲਕੇ ਤੋਂ ਅਨੂਪ ਧਾਨਕ ਨੂੰ ਵੀ ਰਾਜ ਮੰਤਰੀ ਵਜੋਂ ਸਹੁੰ ਚੁਕਾਈ ਗਈ; ਜੋ JJP ਦੇ ਵਿਧਾਇਕ ਹਨ। ਉਨ੍ਹਾਂ ਨੂੰ ਵੀ ਆਜ਼ਾਦ ਚਾਰਜ ਦਿੱਤਾ ਗਿਆ ਹੈ।