ਕਰਨਾਟਕ ਦੇ ਸਿ਼ਵਮੋਗਾ `ਚ ਪੁਟਾਈ ਦੌਰਾਨ ਖੂਹ `ਚੋਂ 18ਵੀਂ ਸਦੀ ਈਸਵੀ ਦੇ ਹਾਕਮ ਟੀਪੂ ਸੁਲਤਾਨ ਦੇ 1,000 ਤੋਂ ਵੱਧ ਰਾਕੇਟ ਮਿਲੇ ਹਨ। ਸੂਬੇ ਦੇ ਸਹਾਇਕ ਪੁਰਾਤੱਤਵ ਨਿਰਦੇਸ਼ਕ ਆਰ. ਸ਼ੇਜੇਸ਼ਵਰ ਨਾਇਕ ਨੇ ਸਨਿੱਚਰਵਾਰ ਨੂੰ ਦੱਸਿਆ ਕਿ ਇਨ੍ਹਾਂ ਰਾਕੇਟਾਂ ਨੂੰ ਵੇਖ ਕੇ ਲੱਗਦਾ ਹੈ ਕਿ ਟੀਪੂ ਨੇ ਇਨ੍ਹਾਂ ਨੂੰ ਜੰਗ ਵਿੱਚ ਵਰਤਣ ਲਈ ਲੁਕਾਇਆ ਹੋਵੇਗਾ।
ਸ੍ਰੀ ਨਾਇਕ ਨੇ ਦੱਸਿਆ ਕਿ ਰਾਜਧਾਨੀ ਬੈਂਗਲੁਰੂ ਤੋਂ 385 ਕਿਲੋਮੀਟਰ ਉੱਤਰ-ਪੱਛਮ `ਚ ਸਥਿਤ ਸਿ਼ਵਮੋਗਾ ਵਿਖੇ ਇਹ ਰਾਕੇਟ ਮਿਲੇ ਹਨ। ਉਨ੍ਹਾਂ ਦੱਸਿਆ ਕਿ ਪੁਟਾਈ ਦੌਰਾਨ ਮਿੱਟੀ `ਚੋਂ ਪੋਟਾਸ਼ ਭਾਵ ਗੰਨ-ਪਾਊਡਰ ਜਿਹੀ ਬੋਅ ਆ ਰਹੀ ਸੀ। ਜਦੋਂ ਉੱਥੇ ਥੋੜ੍ਹੀ ਡੂੰਘਾਈ ਨਾਲ ਪੁਟਾਈ ਕੀਤੀ ਗਈ, ਤਾਂ ਉੱਥੇ ਰਾਕੇਟਾਂ ਤੇ ਗੋਲਿ਼ਆਂ ਦੇ ਢੇਰ ਬਰਾਮਦ ਹੋਏ। ਇਨ੍ਹਾਂ ਰਾਕੇਟਾਂ `ਚ ਪੋਟਾਸ਼ੀਅਮ ਨਾਈਟ੍ਰੇਟ, ਚਾਰਕੋਲ ਤੇ ਮੈਗਨੀਸ਼ੀਅਮ ਪਾਊਡਰ ਭਰਿਆ ਹੋਇਆ ਸੀ। ਰਾਕੇਟ ਤੋਪਖਾਨੇ ਦੀ ਵਰਤੋਂ ਕਰਨ ਵਿੱਚ ਮੋਹਰੀ ਰਹੇ ਟੀਪੂ ਰਾਕੇਟਾਂ ਦੀ ਵਰਤੋਂ ਅੰਗਰੇਜ਼ ਫ਼ੌਜਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਕਰਦੇ ਹੁੰਦੇ ਸਨ।
ਪ੍ਰਦਰਸ਼ਨੀ `ਚ ਰੱਖੇ ਜਾਣਗੇ ਰਾਕੇਟ
ਬਰਾਮਦ ਹੋਏ ਰਾਕੇਟ ਸਿ਼ਵਮੋਗਾ `ਚ ਜਨਤਕ ਪ੍ਰਦਰਸ਼ਨੀ ਲਈ ਰੱਖੇ ਜਾਣਗੇ। ਪੁਰਾਤੱਤਵ ਵਿਭਾਗ ਦੇ ਰਿਕਾਰਡਾਂ ਅਨੁਸਾਰ ਸਿ਼ਵਮੋਗਾ ਦੇ ਕਿਲੇ ਦਾ ਇਲਾਕਾ ਟੀਪੂ ਸੁਲਤਾਨ ਦੀ ਹਕੂਮਤ ਤੇ ਜੰਗ ਵਿੱਚ ਵਰਤੇ ਜਾਣ ਵਾਲੇ ਰਾਕੇਟਾਂ ਦਾ ਹਿੱਸਾ ਸੀ। ਟੀਪੂ ਨੇ ਰਾਕੇਟ ਵਿਕਸਤ ਕਰਨ ਲਈ ਫ਼ਰਾਂਸੀਸੀ ਫ਼ੌਜ ਦੀ ਮਦਦ ਲਈ ਸੀ। ਉਸ ਨੇ ਜੰਗ ਵਿੱਚ ਬ੍ਰਿਟਿਸ਼ ਕੰਗ੍ਰੇ ਰਾਕੇਟ ਵੀ ਵਰਤਿਆ ਸੀ।
1799 `ਚ ਹੋਈ ਸੀ ਟੀਪੂ ਦੀ ਮੌਤ
ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਖਿ਼ਲਾਫ਼ ਲਗਾਤਾਰ ਜਿੱਤਾਂ ਹਾਸਲ ਕਰਨ ਤੋਂ ਬਾਅਦ ਸਾਲ 1799 `ਚ ਮੈਸੂਰ ਤੇ ਅੰਗਰੇਜ਼ਾਂ ਵਿਚਾਲੇ ਚੌਥੀ ਜੰਗ ਦੌਰਾਨ ਟੀਪੂ ਸੁਲਤਾਨ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਨੈਪੋਲੀਅਨ ਦੀ ਜੰਗ ਵਿੱਚ ਵਰਤੇ ਗਏ ਬ੍ਰਿਟਿਸ਼ ਕਾਂਗਰਸ ਰਾਕੇਟ ਦਾ ਇੱਕ ਪੋ੍ਰਟੋਟਾਈਪ, ਮੈਸੂਰੀਅਨ ਰਾਕੇਟ ਨਾਂਅ ਦਾ ਇੱਕ ਮੁਢਲਾ ਸਵਦੇਸ਼ੀ ਰਾਕੇਟ ਵਿਕਸਤ ਕਰਵਾਇਆ ਸੀ।