104 ਸਾਲਾ ਦੌੜਾਕ ਬੀਬੀ ਮਾਨ ਕੌਰ ਨੂੰ ਅੱਜ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ‘ਨਾਰੀ ਸ਼ਕਤੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੂੰ ਇਹ ਪੁਰਸਕਾਰ ਅਥਲੈਟਿਕਸ ਦੇ ਖੇਤਰ ’ਚ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਦਿੱਤਾ ਗਿਆ ਹੈ।
ਵੇਖਣ ਵਾਲੀ ਗੱਲ ਇਹ ਸੀ ਕਿ ਸ੍ਰੀਮਤੀ ਮਾਨ ਕੌਰ ਜਦੋਂ ਰਾਸ਼ਟਰਪਤੀ ਕੋਲੋਂ ਇਹ ਵੱਕਾਰੀ ਪੁਰਸਕਾਰ ਹਾਸਲ ਕਰਨ ਲਈ ਜਾ ਰਹੇ ਸਨ, ਤਦ ਪਹਿਲੀਆਂ ਦੋ–ਚਾਰ ਪੌੜੀਆਂ ਚੜ੍ਹਨ ਲਈ ਉਨ੍ਹਾਂ ਨੂੰ ਜ਼ਰੂਰ ਇੱਕ ਮੁਟਿਆਰ ਨੇ ਉਨ੍ਹਾਂ ਨੂੰ ਥੋੜ੍ਹਾ ਸਹਾਰਾ ਦਿੱਤਾ ਪਰ ਬਾਅਦ ’ਚ ਕਿਸੇ ਪਰੇਡ ਵਿੱਚ ਚੱਲਣ ਵਾਂਗ ਤੇਜ਼ ਕਦਮਾਂ ਨਾਲ ਚੱਲ ਕੇ ਸਟੇਜ ਦੇ ਐਨ ਵਿਚਕਾਰ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਕੋਲ ਪੁੱਜੇ।
ਬੀਬੀ ਮਾਨ ਕੌਰ ਸਮੁੱਚੇ ਵਿਸ਼ਵ ’ਚ ਵੱਖੋ–ਵੱਖਰੇ ਦੌੜ ਮੁਕਾਬਲਿਆਂ ਵਿੱਚ 30 ਤੋਂ ਵੱਧ ਤਮਗ਼ੇ ਜਿੱਤ ਚੁੱਕੇ ਹਨ। ਅੱਜ ਉਨ੍ਹਾਂ ਨੂੰ ਰਾਸ਼ਟਰਪਤੀ ਦੀ ਤਰਫ਼ੋਂ ਮਿਲਿਆ ‘ਨਾਰੀ ਸ਼ਕਤੀ’ ਪੁਰਸਕਾਰ ਦੇਸ਼ ਦਾ ਸਰਬਉੱਚ ਨਾਗਰਿਕ ਸਨਮਾਨ ਮੰਨਿਆ ਜਾਂਦਾ ਹੈ।
ਸ੍ਰੀਮਤੀ ਮਾਨ ਕੌਰ ਦੇ 82 ਸਾਲਾ ਪੁੱਤਰ ਗੁਰਦੇਵ ਸਿੰਘ ਨੇ ਕੱਲ੍ਹ ਸਨਿੱਚਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਆਪਣੀ ਇੱਕ ਚਿੱਠੀ ਰਾਹੀਂ ਸੂਚਿਤ ਕੀਤਾ ਸੀ ਕਿ ਉਨ੍ਹਾਂ ਦੀ ਮਾਂ ਨੂੰ ਸਾਲ 2019 ਦਾ ‘ਨਾਰੀ ਸ਼ਕਤੀ’ ਪੁਰਸਕਾਰ ਦਿੱਤਾ ਜਾ ਰਿਹਾ ਹੈ।
‘ਨਾਰੀ ਸ਼ਕਤੀ’ ਪੁਰਸਕਾਰ ਅਧੀਨ ਦੋ ਲੱਖ ਰੁਪਏ ਦੀ ਰਾਸ਼ੀ ਤੇ ਇੱਕ ਸਰਟੀਫ਼ਿਕੇਟ ਦਿੱਤਾ ਜਾਂਦਾ ਹੈ। ਸ੍ਰੀਮਤੀ ਮਾਨ ਕੌਰ ਨੇ ਸਾਲ 2007 ਦੌਰਾਨ ਚੰਡੀਗੜ੍ਹ ਮਾਸਟਰਜ਼ ਐਥਲੈਟਿਕਸ ਮੀਟ ’ਚ ਆਪਣਾ ਪਹਿਲਾ ਤਮਗ਼ਾ ਜਿੱਤਿਆ ਸੀ।
ਸ੍ਰੀਮਤੀ ਮਾਨ ਕੌਰ ਸਾਲ 2017 ’ਚ ਆੱਕਲੈਂਡ (ਨਿਊ ਜ਼ੀਲੈਂਡ) ’ਚ ਵਿਸ਼ਵ ਮਾਸਟਰਜ਼ ਖੇਡਾਂ ਵਿੱਚ 100 ਮੀਟਰ ਦੀ ਦੌੜ ਜਿੱਤ ਕੇ ਸੁਰਖ਼ੀਆਂ ’ਚ ਆਏ ਸਨ। ਉਨ੍ਹਾਂ ਦੇ ਨਾਂਅ ਉੱਤੇ ਕਈ ਰਿਕਾਰਡ ਦਰਜ ਹਨ। ਉਨ੍ਹਾਂ ਪੋਲੈਂਡ ’ਚ ਵਿਸ਼ਵ ਮਾਸਟਰਜ਼ ਐਥਲੈਟਿਕਸ ’ਚ ਟ੍ਰੈਕ ਅਤੇ ਫ਼ੀਲਡ ’ਚ ਸੋਨੇ ਦੇ ਚਾਰ ਤਮਗ਼ੇ ਜਿੱਤੇ ਸਨ।
ਅੱਜ ਹੀ ਜੰਮੂ–ਕਸ਼ਮੀਰ ਦੀ ਆਰਿਫ਼ਾ ਜਾਨ ਨੂੰ ਵੀ ‘ਨਾਰੀ ਸ਼ਕਤੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਜੰਮੂ–ਕਸ਼ਮੀਰ ’ਚ ਤੇਜ਼ੀ ਨਾਲ ਲੁਪਤ ਹੁੰਦੀ ਜਾ ਰਹੀ ਦਸਤਕਾਰੀ ਨੂੰ ਪੁਨਰ–ਸੁਰਜੀਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕੰਮ ਵਿੱਚ ਉਨ੍ਹਾਂ ਦੇ ਪਿਤਾ ਤੇ ਪਤੀ ਦੋਵਾਂ ਨੇ ਉਨ੍ਹਾਂ ਦਾ ਬਹੁਤ ਜ਼ਿਆਦਾ ਸਾਥ ਦਿੱਤਾ।