ਮੱਧ ਪ੍ਰਦੇਸ਼ ਦੇ ਸ਼ਹਿਰ ਜੱਬਲਪੁਰ `ਚ 10ਵੀਂ ਜਮਾਤ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਨੇ ‘ਫ਼ਰੈਂਡਸਿ਼ਪ ਡੇਅ` (ਦੋਸਤੀ ਦਿਵਸ) ਮੌਕੇ ਆਪਣੇ ਸਕੂਲ `ਚ ਪੜ੍ਹਦੇ ਦੋਸਤਾਂ ਨੂੰ 46 ਲੱਖ ਰੁਪਏ ਤੋਹਫ਼ੇ ਵਜੋਂ ਵੰਡ ਦਿੱਤੇ। ਜੀ ਹਾਂ, ਇਹ ਸੱਚ ਹੈ, ਉਸ ਨੇ ਇਹ ਸਭ ਆਪਣੇ ਪਰਿਵਾਰ ਤੋਂ ਚੋਰੀ ਕੀਤਾ।
ਉਸ ਲੜਕੇ ਨੇ ਆਪਣੇ ਇੱਕ ਦੋਸਤ ਨੂੰ 15 ਲੱਖ ਰੁਪਏ ਦਿੱਤੇ ਤੇ ਹੋਰ ਦੋਸਤਾਂ ਨੂੰ ਉਸ ਨੇ ਆਪਣਾ ਹੋਮਵਰਕ ਕਰਨ ਬਦਲੇ 3 ਲੱਖ ਰੁਪਏ ਦਿੱਤੇ। ਇੱਥੋਂ ਤੱਕ ਉਸ ਦੀ ਜਮਾਤ `ਚ ਪੜ੍ਹਦੇ ਇੱਕ ਦੋਸਤ ਨੇ ਇਨ੍ਹਾਂ ਰੁਪਇਆਂ ਨਾਲ ਕਾਰ ਤੱਕ ਖ਼ਰੀਦ ਲਈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੇ ਨਾਲ ਪੜ੍ਹਦੇ 35 ਦੋਸਤਾਂ ਨੂੰ ਸਮਾਰਟਫ਼ੋਨ ਤੇ ਚਾਂਦੀ ਦੇ ਬ੍ਰੇਸਲੈਟ ਵੀ ਤੋਹਫ਼ੇ `ਚ ਦਿੱਤੇ।
ਪੁੱਛਗਿੱਛ ਦੌਰਾਨ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਅਲਮਾਰੀ `ਚੋਂ 60 ਲੱਖ ਰੁਪਏ ਕੱਢੇ ਸਨ। ਬੱਚੇ ਦੇ ਪਿਤਾ ਬਿਲਡਰ ਹਨ ਤੇ ਇਹ ਪੈਸੇ ਉਨ੍ਹਾਂ ਨੂੰ ਇੱਕ ਪ੍ਰਾਪਰਟੀ ਵੇਚਣ ਤੋਂ ਬਾਅਦ ਮਿਲੇ ਸਨ। ਪੁਲਿਸ ਦਾ ਕਹਿਣਾ ਹੈ ਕਿ ਬੱਚੇ ਦੇ ਪਿਤਾ ਨੇ ਉਨ੍ਹਾਂ ਨੂੰ ਸਾਰੇ ਬੱਚਿਆਂ ਦੀ ਸੂਚੀ ਦਿੱਤੀ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਬੱਚੇ ਨੇ ਪੈਸੇ ਦਿੱਤੇ ਹਨ।
ਪੁਲਿਸ ਉਨ੍ਹਾਂ ਸਾਰੇ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਨ ਵਿੱਚ ਲੱਗੀ ਹੋਈ ਹੈ। ਉਸ ਨੇ ਜਿਸ ਲੜਕੇ ਨੂੰ 15 ਲੱਖ ਰੁਪਏ ਦਿੱਤੇ ਸਨ, ਉਹ ਵੀ ਪੈਸੇ ਮਿਲਣ ਦੇ ਬਾਅਦ ਤੋਂ ਹੀ ਗ਼ਾਇਬ ਹੈ। ਇਸ ਤੋਂ ਇਲਾਵਾ ਜਿਹੜੇ ਪੰਜ ਬੱਚਿਆਂ ਨੂੰ ਉਸ ਨੇ ਸਭ ਤੋਂ ਵੱਧ ਰੁਪਏ ਦਿੱਤੇ ਸਨ, ਪੁਲਿਸ ਨੇ ਉਨ੍ਹਾਂ ਦੇ ਮਾਪਿਆਂ ਨੂੰ ਤਲਬ ਕਰ ਲਿਆ ਹੈ ਤੇ ਪੰਜ ਦਿਨਾਂ ਅੰਦਰ ਪੈਸੇ ਮੋੜਨ ਲਈ ਆਖਿਆ ਹੈ। ਹਲੇ ਤੱਕ 15 ਲੱਖ ਰੁਪਏ ਹੀ ਬਰਾਮਦ ਹੋ ਸਕੇ ਹਨ।