ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਆਰ.ਆਰ. ਵੈਂਕਟਪੁਰਮ ਪਿੰਡ ਵਿੱਚ ਇਕ ਪਲਾਂਟ ਵਿੱਚੋਂ ਕੈਮੀਕਲ ਗੈਸ ਲੀਕ ਹੋਣ ਤੋਂ ਬਾਅਦ ਵੀਰਵਾਰ ਨੂੰ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ। ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਗੈਸ ਕਾਂਡ ਦੇ ਚੱਲਦਿਆਂ ਜਿਨ੍ਹਾਂ ਲੋਕਾਂ ਦਾ ਵੈਂਟੀਲੇਟਰ ’ਤੇ ਇਲਾਜ ਚੱਲ ਰਿਹਾ ਹੈ, ਉਨ੍ਹਾਂ ਸਾਰਿਆਂ ਨੂੰ 10 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਹੋਰ ਲੋਕਾਂ ਨੂੰ ਜੋ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਪਰ ਉਹ ਵੈਂਟੀਲੇਟਰ 'ਤੇ ਨਹੀਂ ਹਨ, ਉਨ੍ਹਾਂ ਸਾਰਿਆਂ ਨੂੰ 1-1 ਲੱਖ ਰੁਪਏ ਦਿੱਤੇ ਜਾਣਗੇ।
Visakhapatnam: Andhra Pradesh Chief Minister YS Jagan Mohan Reddy meets those hospitalized at King George hospital. #VizagGasLeak pic.twitter.com/vD94qKgSBZ
— ANI (@ANI) May 7, 2020
ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਇੱਕ ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਘਟਨਾ ਤੋਂ ਬਾਅਦ ਆਪਣੇ ਆਪ ਨੂੰ ਬੀਮਾਰ ਦੱਸਿਆ ਹੈ। ਨਿਊਜ਼ ਏਜੰਸੀ ਏ ਐਨ ਆਈ ਨਾਲ ਗੱਲ ਕਰਦਿਆਂ, ਵਿਸ਼ਾਖਾਪਟਨਮ ਜ਼ਿਲ੍ਹਾ ਮੈਡੀਕਲ ਅਤੇ ਸਿਹਤ ਅਧਿਕਾਰੀ ਤਿਰੂਮਲਾ ਰਾਓ ਨੇ ਕਿਹਾ ਕਿ ਵਿਸ਼ਾਖਾਪਟਨਮ ਵਿੱਚ ਗੈਸ ਲੀਕ ਹੋਣ ਕਾਰਨ 300 ਲੋਕਾਂ ਨੂੰ ਕਈ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਖਤੀ ਦਿਖਾਈ ਹੈ ਅਤੇ ਕੇਂਦਰ ਅਤੇ ਰਾਜ ਸਰਕਾਰ ਨੂੰ ਜਵਾਬ ਮੰਗਦਿਆਂ ਇਕ ਨੋਟਿਸ ਭੇਜਿਆ ਹੈ।
ਗੈਸ ਕਾਂਡ ਦੇ ਪੀੜਤਾਂ ਦਾ ਹਾਲ ਜਾਣਨ ਲਈ ਖੁਦ ਸੂਬੇ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਜਾਰਜ ਹਸਪਤਾਲ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪਲਾਂਟ ਗੋਪਾਲਪਟਨਮ ਇਲਾਕੇ ਵਿੱਚ ਸਥਿਤ ਹੈ। ਇਸ ਇਲਾਕੇ ਦੇ ਲੋਕਾਂ ਨੇ ਅੱਖਾਂ ਵਿੱਚ ਜਲਣ, ਸਾਹ ਲੈਣ ਵਿੱਚ ਮੁਸ਼ਕਲ, ਜੀ ਮਚਲਨਾ ਅਤੇ ਸਰੀਰ ਵਿਚ ਲਾਲ ਧੱਫੜ ਪੈਣ ਦੀ ਸ਼ਿਕਾਇਤ ਕੀਤੀ।
ਪੀਐਮ ਮੋਦੀ ਵੀ ਇਸ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ। ਪੀਐਮ ਮੋਦੀ ਨੇ ਸੂਬੇ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ।