ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

26/11 ਮੁੰਬਈ ਹਮਲੇ ਦੀ ਅੱਜ ਹੈ 11ਵੀਂ ਬਰਸੀ

ਮੁੰਬਈ ਤਾਜ ਹੋਟਲ 'ਤੇ ਹੋਏ ਅਤਿਵਾਦੀ ਹਮਲੇ ਦੀ ਅੱਜ 11ਵੀਂ ਬਰਸੀ ਹੈ। 11 ਸਾਲ ਪਹਿਲਾਂ 26 ਨਵੰਬਰ 2008 ਨੂੰ ਲਸ਼ਕਰ-ਏ-ਤੋਇਬਾ ਦੇ 10 ਅਤਿਵਾਦੀਆਂ ਨੇ ਮੁੰਬਈ ਨੂੰ ਬੰਬ ਧਮਾਕਿਆਂ ਅਤੇ ਗੋਲੀਬਾਰੀ ਨਾਲ ਦਹਿਲਾ ਦਿੱਤਾ ਸੀ। ਇਹ ਭਾਰਤ ਦੇ ਇਤਿਹਾਸ ਦਾ ਉਹ ਕਾਲਾ ਦਿਨ ਹੈ, ਜਿਸ ਨੂੰ ਕੋਈ ਭੁੱਲ ਨਹੀਂ ਸਕਦਾ। ਹਮਲੇ 'ਚ 160 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 300 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਜਾਣੋ ਕੀ ਹੋਇਆ ਸੀ ਉਸ ਦਿਨ :


 

ਕਰਾਚੀ ਤੋਂ ਕਿਸ਼ਤੀ ਦੇ ਰਸਤੇ ਮੁੰਬਈ 'ਚ ਦਾਖਲ ਹੋਏ :
ਮੁੰਬਈ ਹਮਲਿਆਂ ਦੀ ਜਾਂਚ 'ਚ ਜੋ ਕੁਝ ਸਾਹਮਣੇ ਆਇਆ, ਉਸ ਤੋਂ ਪਤਾ ਲੱਗਿਆ ਕਿ 10 ਅਤਿਵਾਦੀ ਕਰਾਚੀ ਤੋਂ ਕਿਸ਼ਤੀ ਦੇ ਰਸਤੇ ਮੁੰਬਈ 'ਚ ਦਾਖ਼ਲ ਹੋਏ ਸਨ। ਇਸ ਕਿਸ਼ਤੀ 'ਤੇ 4 ਭਾਰਤੀ ਸਵਾਰ ਸਨ, ਜਿਨ੍ਹਾਂ ਨੂੰ ਸਮੁੰਦਰ ਕੰਡੇ ਪਹੁੰਚਦਿਆਂ ਮਾਰ ਦਿੱਤਾ ਗਿਆ। ਰਾਤ ਦੇ ਲਗਭਗ 8 ਵਜੇ ਸਨ, ਜਦੋਂ ਇਹ ਹਮਲਾਵਰ ਕੋਲਾਬਾ ਨੇੜੇ ਕੱਫ ਪਰੇਡ ਦੇ ਮੱਛੀ ਬਾਜ਼ਾਰ 'ਚ ਉਤਰੇ ਸਨ। ਉਥੋਂ ਉਹ 4 ਗਰੁੱਪਾਂ 'ਚ ਵੰਡ ਗਏ ਅਤੇ ਟੈਕਸੀ ਲੈ ਕੇ ਆਪਣੇ-ਆਪਣੇ ਟਿਕਾਣਿਆਂ 'ਤੇ ਚਲੇ ਗਏ।


ਮਛੇਰਿਆਂ ਨੂੰ ਸ਼ੱਕ ਸੀ :
ਦੱਸਿਆ ਜਾਂਦਾ ਹੈ ਕਿ ਇਨ੍ਹਾਂ ਲੋਕਾਂ ਦੇ ਗਰੁੱਪ ਨੂੰ ਵੇਖ ਕੇ ਕੁਝ ਮਛੇਰਿਆਂ ਨੂੰ ਸ਼ੱਕ ਵੀ ਹੋਇਆ ਸੀ ਅਤੇ ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਪਰ ਇਲਾਕੇ ਦੀ ਪੁਲਿਸ ਨੇ ਇਸ ਸੂਚਨਾ ਨੂੰ ਕੋਈ ਤਵੱਜੋ ਨਾ ਦਿੱਤੀ ਅਤੇ ਨਾ ਹੀ ਅੱਗੇ ਸੀਨੀਅਰ ਅਧਿਕਾਰੀਆਂ ਜਾਂ ਖੁਫੀਆ ਬਲਾਂ ਨੂੰ ਜਾਣਕਾਰੀ ਦਿੱਤੀ।


ਦੋ ਹਮਲਾਵਰਾਂ ਨੇ 52 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ :
ਰਾਤ ਦੇ ਲਗਭਗ 9.30 ਵਜੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਟਰਮਿਨਲ 'ਤੇ ਗੋਲੀਬਾਰੀ ਦੀ ਖ਼ਬਰ ਮਿਲੀ। ਮੁੰਬਈ ਦੇ ਇਸ ਇਤਿਹਾਸਕ ਰੇਲਵੇ ਸਟੇਸ਼ਨ ਦੇ ਮੇਨ ਹਾਲ 'ਚ ਦੋ ਹਮਲਾਵਰ ਦਾਖਲ ਹੋਏ ਅਤੇ ਅੰਨੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਨ੍ਹਾਂ 'ਚੋਂ ਇਕ ਮੁਹੰਮਦ ਅਜਮਲ ਕਸਾਬ ਸੀ, ਜਿਸ ਨੂੰ ਹੁਣ ਫਾਂਸੀ ਦਿੱਤੀ ਜਾ ਚੁੱਕੀ ਹੈ। ਦੋਹਾਂ ਦੇ ਹੱਥਾਂ 'ਚ ਏ.ਕੇ.47 ਰਾਈਫਲਾਂ ਸਨ ਅਤੇ 15 ਮਿੰਟ 'ਚ ਹੀ ਉਨ੍ਹਾਂ ਨੇ 52 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ 109 ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ।


 

ਮੁੰਬਈ 'ਚ ਕਈ ਥਾਵਾਂ 'ਤੇ ਹੋਈ ਸੀ ਗੋਲੀਬਾਰੀ :
ਦਖਣੀ ਮੁੰਬਈ ਦਾ ਲੀਓਪੋਲਡ ਕੈਫੇ ਵੀ ਉਨ੍ਹਾਂ ਥਾਵਾਂ 'ਚ ਸ਼ਾਮਲ ਸੀ, ਜੋ ਤਿੰਨ ਦਿਨ ਤਕ ਚਲੇ ਇਸ ਹਮਲੇ ਦੇ ਸ਼ੁਰੂਆਤੀ ਨਿਸ਼ਾਨੇ 'ਤੇ ਸੀ। ਇਹ ਮੁੰਬਈ ਦੇ ਪ੍ਰਸਿੱਧ ਰੈਸਟੋਰੈਂਟਾਂ 'ਚੋਂ ਇਕ ਹੈ। ਇਸ ਲਈ ਉਥੇ ਹੋਈ ਗੋਲੀਬਾਰੀ 'ਚ ਮਾਰੇ ਗਏ 10 ਲੋਕਾਂ 'ਚ ਕਈ ਵਿਦੇਸ਼ੀ ਵੀ ਸ਼ਾਮਲ ਸਨ, ਜਦਕਿ ਬਹੁਤ ਸਾਰੇ ਜ਼ਖ਼ਮੀ ਵੀ ਹੋਏ। ਰਾਤ 10.40 ਵਜੇ ਵਿਲੇ ਪਾਰਲੇ ਇਲਾਕੇ 'ਚ ਇਕ ਟੈਕਸੀ ਨੂੰ ਬੰਬ ਨਾਲ ਉਡਾਉਣ ਦੀ ਖ਼ਬਰ ਮਿਲੀ, ਜਿਸ 'ਚ ਡਰਾਈਵਰ ਅਤੇ ਇਕ ਮੁਸਾਫ਼ਰ ਮਾਰਿਆ ਗਿਆ। 15 ਮਿੰਟ ਹੀ ਇਸੇ ਤਰ੍ਹਾਂ ਦਾ ਹਮਲਾ ਬੋਰੀਬੰਦਰ 'ਚ ਹੋਇਆ ਸੀ, ਜਿਥੇ ਧਮਾਕੇ 'ਚ ਇਕ ਟੈਕਸੀ ਡਰਾਈਵਰ ਅਤੇ ਦੋ ਮੁਸਾਫ਼ਰ ਮਾਰੇ ਗਏ ਸਨ। ਲਗਭਗ 15 ਲੋਕ ਜ਼ਖ਼ਮੀ ਵੀ ਹੋਏ ਸਨ।

 

26/11 ਹਮਲੇ ਦੇ ਤਿੰਨ ਵੱਡੇ ਮੋਰਚੇ :
ਜੇ ਅਤਿਵਾਦ ਦੀ ਕਹਾਣੀ ਇਥੇ ਹੀ ਖਤਮ ਹੋ ਜਾਂਦੀ ਤਾਂ ਸ਼ਾਇਦ ਦੁਨੀਆ ਮੁੰਬਈ ਹਮਲੇ ਤੋਂ ਇੰਨਾ ਨਾ ਡਰਦੀ। 26/11 ਦੇ ਤਿੰਨ ਵੱਡੇ ਮੋਰਚੇ ਸਨ ਮੁੰਬਈ ਦਾ ਤਾਜ਼ ਹੋਟਲ, ਓਬਰਾਏ ਟ੍ਰਾਈਡੈਂਟ ਹੋਟਲ ਅਤੇ ਨਰੀਮਨ ਹਾਊਸ। ਜਦੋਂ  ਹਮਲਾ ਹੋਇਆ ਤਾਂ ਤਾਜ 'ਚ 450 ਅਤੇ ਓਬਰਾਏ 'ਚ 380 ਮਹਿਮਾਨ ਮੌਜੂਦ ਸਨ। ਖਾਸ ਤੌਰ 'ਤੇ ਤਾਜ ਹੋਟਲ ਦੀ ਇਮਾਰਤ 'ਚੋਂ ਨਿਕਲਦਾ ਧੂੰਆਂ ਤਾਂ ਬਾਅਦ 'ਚ ਹਮਲਿਆਂ ਦੇ ਪਛਾਣ ਬਣ ਗਿਆ।


 

ਲਗਾਤਾਰ 3 ਦਿਨ ਤਕ ਅਤਿਵਾਦੀਆਂ ਨਾਲ ਜੂਝਦੇ ਰਹੇ ਸੁਰੱਖਿਆ ਬਲ :
ਤਿੰਨ ਦਿਨ ਤਕ ਸੁਰੱਖਿਆ ਬਲ ਅਤਿਵਾਦੀਆਂ ਨਾਲ ਜੂਝਦੇ ਰਹੇ। ਇਸ ਦੌਰਾਨ ਧਮਾਕੇ ਹੋਏ, ਅੱਗ ਲੱਗੀ, ਗੋਲੀਆਂ ਚੱਲੀਆਂ ਅਤੇ ਬੰਧਕਾਂ ਦੀਆਂ ਉਮੀਦਾਂ ਵੀ ਟੁੱਟਦੀ ਰਹੀ। ਨਾ ਸਿਰਫ਼ ਭਾਰਤ ਦੇ ਸਵਾ ਅਰਬ  ਲੋਕਾਂ ਸਗੋਂ ਦੁਨੀਆ ਭਰ ਦੀਆਂ ਨਜ਼ਰਾਂ ਤਾਜ਼, ਓਬਰਾਏ ਅਤੇ ਨਰੀਮਨ ਹਾਊਸ 'ਤੇ ਟਿਕੀਆਂ ਹੋਈਆਂ ਸਨ। ਹੋਟਲ ਟ੍ਰਾਈਡੈਂਟ ਪਹੁੰਚਦੇ ਹੀ ਅਤਿਵਾਦੀਆਂ ਨੇ ਹੋਟਲ ਰਿਸੈਪਸ਼ਨ ‘ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਨਾਲ ਹੋਟਲ 'ਚ 32 ਲੋਕਾਂ ਦੀ ਮੌਤ ਹੋ ਗਈ ਪਰ ਐਨਐਸਜੀ ਦੀ ਸਪੈਸ਼ਲ ਟੀਮ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਅਤਿਵਾਦੀਆਂ ਨੂੰ ਵੀ ਢੇਰ ਕਰ ਦਿੱਤਾ।

 

ਪੁਲਿਸ ਤੇ ਐਨਐਸਜੀ ਦੇ 11 ਕਰਮਚਾਰੀ ਹੋਏ ਸਨ ਸ਼ਹੀਦ :
26/11 ਦੇ ਹਮਲੇ ‘ਚ ਪੁਲਿਸ ਤੇ ਐਨਐਸਜੀ ਦੇ 11 ਜਵਾਨ ਸ਼ਹੀਦ ਹੋਏ ਸਨ। ਇਨ੍ਹਾਂ 'ਚ ਏ.ਟੀ.ਐਸ. ਮੁਖੀ ਹੇਮੰਤ ਕਰਕਰੇ, ਏਸੀਪੀ ਸਦਾਨੰਦ ਡੇਤੀ, ਐਨਐਸਜੀ ਕਮਾਂਡੋ ਮੇਜਰ ਸੰਦੀਪ, ਐਨਕਾਊਂਟਰ ਸਪੈਸ਼ਲਿਸਟ ਐਸ.ਆਈ. ਵਿਜੈ ਸਲਾਸਕਰ, ਇੰਸਪੈਕਟਰ ਸੁਸ਼ਾਂਤ ਸ਼ਿੰਦੇ, ਐਸ.ਆਈ. ਪ੍ਰਕਾਸ਼ ਮੋਰੇ, ਐਸ.ਆਈ. ਡੁਗੁਗਡੇ, ਏ.ਐਸ.ਆਈ. ਨਸਾਸਾਹਾਬ ਭੋਸਲੇ, ਏਐਸਆਈ ਤੁਕਾਰਾਮ ਓਮਬਲੇ, ਕਾਂਸਟੇਬਲ ਵਿਜੈ ਖਾਂਡੇਕਰ, ਜੈਵੰਤ ਪਾਟਿਲ, ਯੋਗੇਸ਼ ਪਾਟਿਲ, ਅੰਬਾਦੋਸ ਪਵਾਰ ਅਤੇ ਐਮ. ਸੀ. ਚੌਧਰੀ ਵੀ ਸ਼ਾਮਲ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 Years of 26/11: Unforgettable Mumbai Terror