ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5 ਸਾਲ 'ਚ 114 ਕੰਪਨੀਆਂ ਬੰਦ, 16 ਹਜ਼ਾਰ ਮੁਲਾਜ਼ਮ ਪ੍ਰਭਾਵਿਤ

ਸਾਲ 2014 ਤੋਂ ਲੈ ਕੇ ਹੁਣ ਤੱਕ ਦੇਸ਼ 'ਚ ਕੁੱਲ 114 ਕੰਪਨੀਆਂ ਜਾਂ ਉਨ੍ਹਾਂ ਦੀਆਂ ਇਕਾਈਆਂ ਬੰਦ ਹੋ ਚੁੱਕੀਆਂ ਹਨ। ਬੰਦ ਹੋਈਆਂ ਕਈ ਕੰਪਨੀਆਂ 'ਚ ਕੰਮ ਕਰਨ ਵਾਲੇ ਲਗਭਗ 16 ਹਜਾਰ ਲੋਕ ਪ੍ਰਭਾਵਿਤ ਹੋਏ ਹਨ। ਇਹ ਅੰਕੜੇ ਕੇਂਦਰ ਅਤੇ ਸੂਬਾ ਸਰਕਾਰਾਂ ਨਾਲ ਸਬੰਧਿਤ ਹਨ। ਕੇਂਦਰੀ ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਲੋਕ ਸਭਾ 'ਚ ਇਹ ਜਾਣਕਾਰੀ ਦਿੱਤੀ ਹੈ।
 

ਲੋਕ ਸਭਾ ਸੰਸਦ ਮੈਂਬਰ ਦਾਨਿਸ਼ ਅਲੀ ਨੇ ਸਰਕਾਰ ਨੂੰ ਸਵਾਲ ਕੀਤਾ ਸੀ ਕਿ ਪਿਛਲੇ 5 ਸਾਲਾਂ 'ਚ ਦੇਸ਼ ਵਿੱਚ ਕਿੰਨੀਆਂ ਕੰਪਨੀਆਂ ਬੰਦ ਹੋਈਆਂ ਹਨ ਅਤੇ ਇਸ ਨਾਲ ਕਿੰਨੇ ਲੋਕ ਬੇਰੁਜ਼ਗਾਰ ਹੋਏ ਹਨ? ਸਰਕਾਰ ਤੋਂ ਇਸ ਬਾਰੇ ਜਾਣਕਾਰੀ ਮੰਗੀ ਗਈ ਸੀ ਕਿ ਪ੍ਰਭਾਵਿਤ ਲੋਕਾਂ ਦੇ ਗੁਜਾਰੇ ਲਈ ਕੀ ਪ੍ਰਬੰਧ ਕੀਤੇ ਗਏ ਹਨ? ਕਿਰਤ ਮੰਤਰੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸਾਲ 2014 'ਚ ਕੁੱਲ 34 ਕੰਪਨੀਆਂ ਬੰਦ ਹੋਈਆਂ ਹਨ, ਜਿਨ੍ਹਾਂ 'ਚੋਂ 33 ਸੂਬਾ ਖੇਤਰ ਦੀਆਂ ਸਨ ਅਤੇ ਇੱਕ ਕੇਂਦਰ ਖੇਤਰ ਨਾਲ ਸਬੰਧਿਤ ਸੀ। ਕੰਪਨੀਆਂ ਦੇ ਬੰਦ ਹੋਣ ਕਾਰਨ 4726 ਲੋਕ ਪ੍ਰਭਾਵਤ ਹੋਏ।
 

ਸਾਲ 2015 ਦੀ ਗੱਲ ਕਰੀਏ ਤਾਂ ਕੁੱਲ 22 ਕੰਪਨੀਆਂ ਬੰਦ ਹੋਈਆਂ। ਇਨ੍ਹਾਂ 'ਚੋਂ 20 ਸੂਬਾ ਖੇਤਰ ਅਤੇ ਦੋ ਕੇਂਦਰ ਸਰਕਾਰ ਨਾਲ ਸਬੰਧਤ ਸਨ। ਕੰਪਨੀਆਂ ਦੇ ਬੰਦ ਹੋਣ ਨਾਲ 1852 ਲੋਕ ਪ੍ਰਭਾਵਤ ਹੋਏ। ਸਾਲ 2016 'ਚ 27 ਇਕਾਈਆਂ ਬੰਦ ਹੋਈਆਂ ਅਤੇ ਪ੍ਰਭਾਵਤ ਹੋਣ ਵਾਲਿਆਂ ਦੀ ਗਿਣਤੀ 6037 ਰਹੀ। ਸਾਲ 2017 'ਚ 22 ਕੰਪਨੀਆਂ ਬੰਦ ਹੋਈਆਂ ਅਤੇ 2740 ਲੋਕ ਪ੍ਰਭਾਵਿਤ ਹੋਏ। ਸਾਲ 2018 'ਚ 8 ਕੰਪਨੀਆਂ ਬੰਦ ਹੋਣ ਕਾਰਨ 537 ਲੋਕ ਪ੍ਰਭਾਵਿਤ ਹੋਏ।

 

ਸਾਲ 2019 ਲਈ ਸਰਕਾਰ ਵੱਲੋਂ ਜਨਵਰੀ ਤੋਂ ਸਤੰਬਰ ਮਹੀਨੇ ਤੱਕ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਦੌਰਾਨ ਸੂਬਾ ਖੇਤਰ ਦੀ ਇੱਕ ਕੰਪਨੀ ਬੰਦ ਹੋਈ ਹੈ, ਜਿਸ ਨਾਲ 45 ਲੋਕ ਪ੍ਰਭਾਵਿਤ ਹੋਏ ਹਨ। ਇਹ ਵੀ ਦੱਸਿਆ ਗਿਆ ਹੈ ਕਿ ਸਾਲ 2014 ਤੋਂ ਬਾਅਦ ਸਾਰੇ ਅੰਕੜੇ ਪ੍ਰੋਵੀਜ਼ਿਨਲ ਹਨ ਮਤਲਬ ਇਨ੍ਹਾਂ ਨੂੰ ਇਕੱਤਰ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਾਲਾਂ 'ਚ ਇਨ੍ਹਾਂ ਵਿੱਚ ਵਾਧਾ ਵੀ ਵੇਖਣ ਨੂੰ ਮਿਲ ਸਕਦਾ ਹੈ।
 

ਕੀ ਕਾਰਨ ਹਨ :
ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ 'ਚ ਇਨ੍ਹਾਂ ਕੰਪਨੀਆਂ ਦੇ ਬੰਦ ਹੋਣ ਨਾਲ ਵਿੱਤੀ ਘਾਟ, ਕੱਚੇ ਮਾਲ ਦੀ ਕਮੀ, ਮੰਗ 'ਚ ਗਿਰਾਵਟ, ਕਾਮਿਆਂ ਦੀਆਂ ਸਮੱਸਿਆਵਾਂ, ਖਾਨ ਲਾਈਸੈਂਸ ਦੇ ਰੱਦ ਹੋਣ ਅਤੇ ਕੋਲ ਬਲਾਕ ਵੰਡ ਦੇ  ਰੱਦ ਹੋਣ ਨੂੰ ਜਿੰਮੇਵਾਰ ਦੱਸਿਆ ਗਿਆ ਹੈ।

 

ਮੁਲਾਜ਼ਮਾਂ ਨੂੰ ਕੌਂਸਲਿੰਗ-ਸਿਖਲਾਈ :
ਸਰਕਾਰ ਨੇ ਦੱਸਿਆ ਕਿ ਪ੍ਰਭਾਵਿਤ ਮੁਲਾਜ਼ਮਾਂ ਦੇ ਹਿੱਤਾਂ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਉਦਯੋਗਿਕ ਵਿਵਾਦ ਕਾਨੂੰਨ-1947 ਤਹਿਤ ਉਨ੍ਹਾਂ ਦੀ ਕੌਂਸਲਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਮੁਲਾਜ਼ਮਾਂ ਨੂੰ ਘੱਟ ਮਿਆਦ ਦਾ ਹੁਨਰ ਵਿਕਾਸ ਸਿਖਲਾਈ ਵੀ ਦਿੱਤੀ ਜਾ ਰਹੀ ਹੈ ਤਾ ਕਿ ਉਹ ਨਵੀਂ ਨੌਕਰੀ ਜਾਂ ਸਵੈ-ਰੁਜ਼ਗਾਰ ਵੱਲ ਵੱਧ ਸਕਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:114 companies closed in five years and 16 thousand workers affected