ਮਨੀਪੁਰ ਚ 12 ਕਾਂਗਰਸੀ ਵਿਧਾਇਕਾਂ ਨੇ ਬੁੱਧਵਾਰ ਨੂੰ ਸੂਬਾਈ ਕਾਂਗਰਸ ਕਮੇਟੀ (ਪੀਸੀਸੀ) ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਇਸ ਨਾਲ ਉਨ੍ਹਾਂ ਦੀ ਸੱਤਾਧਾਰੀ ਪਾਰਟੀ ਬੀਜੇਪੀ ਚ ਸ਼ਾਮਲ ਹੋਣ ਬਾਰੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਹਾਲਾਂਕਿ ਉਨ੍ਹਾਂ ਚੋਂ ਇਕ ਸੀਨੀਅਰ ਵਿਧਾਇਕ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਹੋਰ ਪਾਰਟੀ ਚ ਸ਼ਾਮਲ ਹੋਣਾ ਨਹੀਂ ਹੈ।
ਕਾਂਗਰਸ ਦੇ ਇਨ੍ਹਾਂ 12 ਵਿਧਾਇਕਾਂ ਨੇ ਆਪਣਾ ਅਸਤੀਫਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਗੈਖਨਗਮ ਨੂੰ ਦੇ ਦਿੱਤਾ। ਉਹ ਕਾਂਗਰਸ ਵਰਕਿੰਗ ਕਮੇਟੀ (ਸੀ ਡਬਲਿਊ ਸੀ) ਦੇ ਵੀ ਮੈਂਬਰ ਹਨ। ਕਾਂਗਰਸ ਸੂਬੇ ਦੀਆਂ ਦੋਨਾਂ ਲੋਕ ਸਭਾ ਸੀਟਾਂ ਹਾਰ ਗਈ ਸੀ।
ਅੰਦਰੂਨੀ ਮਨੀਪੁਰ ਸੀਟ 'ਤੇ ਜਿਥੇ ਭਾਰਤੀ ਜਨਤਾ ਪਾਰਟੀ ਦੇ ਰਾਜਕੁਮਾਰ ਰੰਜਨ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਸੀ, ਉੱਥੇ ਹੀ ਬਾਹਰੀ ਮਨੀਪੁਰ ਚੋਣ ਖੇਤਰ ਨਗਾ ਪੀਪਲਜ਼ ਫ਼ਰੰਟ (ਐੱਨਪੀਐੱਫ) ਦੇ ਲੋਰਹੋ ਐਸ ਫੋਜੇ ਦੇ ਹਿੱਸੇ ਆਈ।
ਅਸਤੀਫ਼ਿਆਂ ਦੇ ਬਾਅਦ ਇਹ ਅੰਦਾਜ਼ਾ ਲਗਾਇਆ ਗਿਆ ਕਿ ਕੀ ਕਾਂਗਰਸੀ ਵਿਧਾਇਕ ਭਾਜਪਾ ਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੇ ਹਨ ਪਰ ਕੁਝ ਨੇ ਇਹ ਕਹਿ ਕੇ ਖਾਰਜ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਇਹ ਕਦਮ ਜ਼ਮੀਨੀ ਪੱਧਰ 'ਤੇ ਪਾਰਟੀ ਨੂੰ ਮਜ਼ਬੂਤ ਕਰਨ ਵਾਲਾ ਹੈ। ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੀ ਲੀਡਰਸ਼ਿਪ ਅਧੀਨ ਸੂਬੇ ਚ ਭਾਜਪਾ ਗਠਜੋੜ ਦੀ ਸਰਕਾਰ ਹੈ।
ਸੂਬੇ ਚ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਦੇ 29 ਵਿਧਾਇਕ ਸਨ ਪਰ ਪਿਛਲੇ ਸਾਲ ਇਸ ਦੇ 8 ਵਿਧਾਇਕ ਭਾਜਪਾ 'ਚ ਸ਼ਾਮਲ ਹੋ ਗਏ ਸਨ, ਜਿਸ ਨਾਲ 60 ਮੈਂਬਰਾਂ ਵਾਲੇ ਸਦਨ 'ਚ ਭਾਜਪਾ ਦੇ ਵਿਧਾਇਕਾਂ ਦੀ ਗਿਣਤੀ 21 ਤੋਂ ਵਧ ਕੇ 29 ਹੋ ਗਈ ਸੀ।
.