ਅਸਾਮ ਦੇ ਵਿਸ਼ਵਨਾਥ ਜ਼ਿਲ੍ਹੇ 'ਚ 12 ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ ਅਤੇ ਹੱਤਿਆ ਦੇ ਦੋਸ਼ 'ਚ ਐਤਵਾਰ ਨੂੰ 7 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਜੁਰਮ ਤੋਂ ਬਾਅਦ ਲੜਕੀ ਨੂੰ ਦਰੱਖਤ 'ਤੇ ਲਟਕਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਘਟਨਾ ਸ਼ੁੱਕਰਵਾਰ ਨੂੰ ਪਿੰਡ ਚਕਾਲਾ ਦੀ ਹੈ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਗੋਹਪੁਰ ਪੁਲਿਸ ਥਾਣਾ ਅਧੀਨ ਆਉਂਦੇ ਪਿੰਡ ਸਕਲਾ ਦੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਫਰਾਰ ਸਨ, ਜਿਨ੍ਹਾਂ ਨੂੰ ਪੁਲਿਸ ਟੀਮ ਨੇ ਫੜ ਲਿਆ ਹੈ। ਇਹ ਸਾਰੇ ਹਾਈ ਸਕੂਲ ਲਿਵਿੰਗ ਸਰਟੀਫਿਕੇਟ (ਐਚਐਸਐਲਸੀ) ਦੇ ਉਮੀਦਵਾਰ ਸਨ।
ਅਖ਼ਬਾਰ ਨਿਊ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਪੀੜਤ ਲੜਕੀ ਦੇ ਚਾਚੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਲੜਕੀ ਸ਼ੁੱਕਰਵਾਰ ਨੂੰ ਘਰ ਨਾ ਪਰਤੀ ਤਾਂ ਉਹ ਪ੍ਰੇਸ਼ਾਨ ਹੋ ਗਏ। ਉਨ੍ਹਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ, ਪਰ ਉਹ ਨਾ ਮਿਲੀ। ਉਨ੍ਹਾਂ ਨੂੰ ਲੜਕੀ ਦੇ ਲਾਪਤਾ ਹੋਣ 'ਤੇ ਪਿੰਡ ਦੇ ਦੋ ਲੜਕਿਆਂ 'ਤੇ ਸ਼ੱਕ ਹੋਇਆ ਅਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਅਗਲੇ ਦਿਨ ਉਨ੍ਹਾਂ ਨੇ ਜੰਗਲ ਵਿੱਚ ਸ਼ੱਕੀਆਂ ਨੂੰ ਵੇਖਿਆ। ਹਾਲਾਂਕਿ, ਜਿਵੇਂ ਹੀ ਉਨ੍ਹਾਂ ਦੋਵੇਂ ਲੜਕਿਆਂ ਦੀ ਨਜ਼ਰ ਲੜਕੀ ਦੇ ਪਰਿਵਾਰਕ ਮੈਂਬਰਾਂ 'ਤੇ ਪਈ ਤਾਂ ਉਹ ਉੱਥੋਂ ਭੱਜ ਗਏ। ਪਰਿਵਾਰਕ ਮੈਂਬਰ ਪੁਲਿਸ ਕੋਲ ਪਹੁੰਚੇ ਅਤੇ ਜੰਗਲ 'ਚ ਲੜਕੀ ਦੀ ਭਾਲ ਕੀਤੀ। ਉਨ੍ਹਾਂ ਨੂੰ ਲੜਕੀ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ।
ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਮੁਲਜ਼ਮਾਂ ਨੇ ਲੜਕੀ ਨੂੰ ਪਾਰਟੀ ਦੇ ਬਹਾਨੇ ਇੱਕ ਘਰ 'ਚ ਬੁਲਾਇਆ ਅਤੇ ਉਸ ਨਾਲ ਬਲਾਤਕਾਰ ਕੀਤਾ। ਉਨ੍ਹਾਂ ਕਿਹਾ ਕਿ ਸ਼ੱਕ ਹੈ ਕਿ ਲੜਕੀ ਨਾਲ ਸ਼ੁੱਕਰਵਾਰ ਨੂੰ ਬਲਾਤਕਾਰ ਕੀਤਾ ਗਿਆ ਸੀ ਅਤੇ ਉਸ ਨੂੰ ਘਰ ਦੇ ਨੇੜੇ ਦਰੱਖਤ 'ਤੇ ਲਟਕਾ ਦਿੱਤਾ ਗਿਆ।
ਦੱਸ ਦੇਈਏ ਕਿ ਅਜਿਹੀ ਹੀ ਇੱਕ ਘਟਨਾ ਉੱਤਰ ਪ੍ਰਦੇਸ਼ ਦੇ ਬਦਾਯੂੰ 'ਚ ਸਾਹਮਣੇ ਆਈ ਸੀ। ਇਹ ਘਟਨਾ 2014 'ਚ ਵਾਪਰੀ ਸੀ। ਉਦੋਂ ਦੋ ਲੜਕੀਆਂ ਦੀਆਂ ਲਾਸ਼ਾਂ ਇੱਕ ਦਰੱਖਤ 'ਤੇ ਟੰਗੀਆਂ ਮਿਲੀਆਂ ਸਨ। ਉਹ ਆਪਸ ਵਿੱਚ ਚਚੇਰੀ ਭੈਣਾਂ ਸਨ। ਉਦੋਂ ਇਹ ਮਾਮਲਾ ਸਮੂਹਕ ਬਲਾਤਕਾਰ ਅਤੇ ਹੱਤਿਆ ਦਾ ਲੱਗਿਆ ਸੀ। ਹਾਲਾਂਕਿ ਬਾਅਦ 'ਚ ਸੀਬੀਆਈ ਨੇ ਆਪਣੀ ਰਿਪੋਰਟ ਵਿੱਚ ਬਲਾਤਕਾਰ ਨੂੰ ਖਾਰਜ ਕਰਦਿਆਂ ਸਿਰਫ਼ ਖੁਦਕੁਸ਼ੀ ਦੀ ਗੱਲ ਕਹੀ ਸੀ।