ਅੱਜ ਦਿੱਲੀ ’ਚ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਵਿਰੋਧੀ ਪਾਰਟੀਆਂ ਦੀ ਇੱਕ ਮੀਟਿੰਗ ਹੋਈ। ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠ ਸੱਦੀ ਗਈ ਇਸ ਮੀਟਿੰਗ ’ਚ 14 ਵਿਰੋਧੀ ਪਾਰਟੀਆਂ ਸ਼ਾਮਲ ਹੋਈਆਂ ਪਰ ਇਸ ਵਿੱਚ ਚਾਰ ਵੱਡੀਆਂ ਪਾਰਟੀਆਂ ਸਮਾਜਵਾਦੀ ਪਾਰਟੀ, ਬਸਪਾ, ਟੀਐੱਮਸੀ ਅਤੇ ਡੀਐੱਮਕੇ ਸ਼ਾਮਲ ਨਹੀਂ ਹੋਈਆਂ।
ਮਹਾਰਾਸ਼ਟਰ ’ਚ ਕਾਂਗਰਸ ਨਾਲ ਸਰਕਾਰ ਚਲਾ ਰਹੀ ਸ਼ਿਵ ਸੈਨਾ ਨੂੰ ਇਸ ਮੀਟਿੰਗ ਲਈ ਸੱਦਾ ਹੀ ਨਹੀਂ ਦਿੱਤਾ ਗਿਆ ਸੀ। ਇੰਝ ਹੀ ਆਮ ਆਦਮੀ ਪਾਰਟੀ ਨੂੰ ਵੀ ਨਹੀਂ ਸੱਦਿਆ ਗਿਆ ਸੀ। ਦਰਅਸਲ, ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ’ਚ ਹੋਈ ਹਿੰਸਾ, ਨਾਗਰਿਕਤਾ ਸੋਧ ਕਾਨੂੰਨ ਉੱਤੇ ਵਿਰੋਧ ਤੇ ਦੇਸ਼ ਦੇ ਮੌਜੂਦਾ ਹਾਲਾਤ ਬਾਰੇ ਕਾਂਗਰਸ ਨੇ ਵਿਰੋਧੀ ਧਿਰ ਦੀ ਮੀਟਿੰਗ ਸੱਦੀ ਸੀ।
ਅੱਜ ਦੀ ਮੀਟਿੰਗ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਵੀ ਮੌਜੂਦ ਰਹੇ। ਝਾਰਖੰਡ ’ਚ ਸਰਕਾਰ ਦੇ ਗਠਨ ਤੋਂ ਬਾਅਦ ਰਾਹੁਲ ਗਾਂਧੀ ਪਹਿਲੀ ਵਾਰ ਕਿਸੇ ਜਨਤਕ ਸਮਾਰੋਹ ’ਚ ਵਿਖਾਈ ਦਿੱਤੇ ਹਨ। ਉਹ ਬੀਤੇ ਦਿਨੀਂ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਵੀ ਨਹੀਂ ਪੁੱਜੇ ਸਨ। ਪਰ ਇਸ ਦੌਰਾਨ ਉਹ ਟਵੀਟ ਕਰ ਕੇ ਮੋਦੀ ਸਰਕਾਰ ਉੱਤੇ ਸਿਆਸੀ ਟਿੱਪਣੀਆਂ ਜ਼ਰੂਰ ਕਰਦੇ ਰਹੇ ਹਨ।
ਅੱਜ ਦੀ ਮੀਟਿੰਗ ’ਚ ਇਨ੍ਹਾਂ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ: ਕਾਂਗਰਸ, ਸੀਪੀਐੱਮ, ਸੀਪੀਆਈ, ਰਾਸ਼ਟਰੀ ਜਨਤਾ ਦਲ, ਐੱਨਸੀਪੀ, AIUDF, RLD, HAM, IUML RLSP, ਸ਼ਰਦ ਯਾਦਵ, ਕੇਰਲ ਕਾਂਗਰਸ, RSP, JMM.
ਚੇਤੇ ਰਹੇ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਨਾਗਰਿਕਤਾ ਸੋਧ ਕਾਨੂੰਨ ਉੱਤੇ ਵਿਰੋਧੀ ਧਿਰ ਲਗਾਤਾਰ ਵਿਰੋਧ ਪ੍ਰਗਟਾ ਰਹੀ ਹੈ। ਕਾਂਗਰਸ ਸਮੇਤ ਕਈ ਪਾਰਟੀਆਂ ਬੀਤੇ ਦਿਨੀਂ ਇਸ ਵਿਰੁੱਧ ਰੋਸ ਮੁਜ਼ਾਹਰਾ ਵੀ ਕੀਤਾ ਹੈ ਪਰ ਇਸ ਦਾ ਕੋਈ ਲਾਭ ਹੁੰਦਾ ਵਿਖਾਈ ਨਹੀਂ ਦੇ ਰਿਹਾ।
ਲਗਾਤਾਰ ਵਿਰੋਧ ਦੇ ਬਾਵਜੂਦ ਗ੍ਰਹਿ ਮੰਤਰਾਲੇ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਗ਼ਜ਼ਟ ਵੀ ਜਾਰੀ ਕਰ ਦਿੱਤਾ ਹੈ; ਭਾਵ ਹੁਣ ਇਹ ਕਾਨੂੰਨ ਲਾਗੂ ਵੀ ਹੋ ਚੁੱਕਾ ਹੈ।