ਤਾਮਿਲ ਨਾਡੂ ਦੇ ਮੇਟਪਲਾਇਮ ’ਚ ਭਾਰੀ ਵਰਖਾ ਕਾਰਨ ਇੱਕ ਕੰਧ ਦੇ ਚਾਰ ਮਕਾਨਾਂ ਉੱਤੇ ਡਿੱਗਣ ਕਾਰਨ ਚਾਰ ਔਰਤਾਂ ਸਮੇਤ 15 ਵਿਅਕਤੀ ਮਾਰੇ ਗਏ ਹਨ। ਪੁਲਿਸ ਮੁਤਾਬਕ ਇਹ ਮੰਦਭਾਗਾ ਹਾਦਸਾ ਵਾਪਰਨ ਸਮੇਂ ਇਨ੍ਹਾਂ ਘਰਾਂ ਵਿੱਚ 14 ਵਿਅਕਤੀ ਸਨ। ਭਾਰੀ ਮੀਂਹ ਕਾਰਨ ਪੂਰੀ ਤਰ੍ਹਾਂ ਕਮਜ਼ੋਰ ਹੋ ਚੁੱਕੀ ਇੱਕ ਨਿਜੀ ਇਮਾਰਤ ਦੀ ਕੰਧ ਢਹਿ–ਢੇਰੀ ਹੋ ਗਈ।
ਇਹ ਖ਼ਬਰ ਲਿਖੇ ਜਾਣ ਤੱਕ ਰਾਹਤ ਕਰਮਚਾਰੀਆਂ ਨੇ 9 ਲਾਸ਼ਾਂ ਬਰਾਮਦ ਕਰ ਲਈਆਂ ਸਨ। ਉੱਤਰ–ਪੂਰਬੀ ਮਾਨਸੂਨ ਕਾਰਨ ਤਾਮਿਲ ਨਾਡੂ ਦੇ ਕਈ ਹਿੱਸਿਆਂ ਤੇ ਗੁਆਂਢੀ ਸੂਬੇ ਪੁੱਡੂਚੇਰੀ ’ਚ ਪਿਛਲੇ 24 ਘੰਟਿਆਂ ਤੋਂ ਭਾਰੀ ਵਰਖਾ ਹੋ ਰਹੀ ਹੈ। ਮੌਸਮ ਵਿਭਾਗ ਨੇ ਹਾਲੇ ਅਗਲੇ ਦੋ ਦਿਨ ਹੋਰ ਮੀਂਹ ਪੈਣ ਦਾ ਅਨੁਮਾਨ ਲਾਇਆ ਹੈ।
ਤਾਮਲ ਨਾਡੂ ਰਾਜ ਆਫ਼ਤ ਪ੍ਰਬੰਧ ਅਥਾਰਟੀ ਪੁੱਡੂਚੇਰੀ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਭਾਰੀ ਵਰਖਾ ਦੇ ਅਨੁਮਾਨ ਨੂੰ ਵੇਖਦਿਆਂ ਮਦਰਾਸ ਯੂਨੀਵਰਸਿਟੀ ਤੇ ਅੰਨਾ ਯੂਨੀਵਰਸਿਟੀ ਵਿੱਚ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਹਵਾ ਦੇ ਤੇਜ਼ ਦਬਾਅ ਕਾਰਨ ਰਾਜ ਵਿੱਚ ਭਾਰੀ ਵਰਖਾ ਹੋਈ ਹੈ ਅਤੇ ਅਗਲੇ 24 ਘੰਟਿਆਂ ਦੌਰਾਨ ਰਾਮਨਾਥਪੁਰਮ, ਤਿਰੂਨੇਲਵੇਲੀ, ਤੂਤੀਕੋਰਿਨ, ਵੈਲੋਰ, ਤਿਰੂਵੱਲੂਰ, ਤਿਰੂਵੰਨਮਲਾਈ ਜ਼ਿਲ੍ਹਿਆਂ ਵਿੱਚ ਅਗਲੇ 24 ਘੰਟਿਆਂ ਦੌਰਾਨ ਭਾਰੀ ਵਰਖਾ ਹੋ ਸਕਦੀ ਹੈ।
ਮਛੇਰਿਆਂ ਨੂੰ ਵੀ ਸਮੁੰਦਰ ’ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਸਾਰੇ ਵਿਭਾਗਾਂ ਨੂੰ ਚੌਕਸ ਰਹਿਣ ਦੇ ਹੁਕਮ ਦਿੱਤੇ ਗਏ ਹਨ।