ਹੁਣ ਭਾਵੇਂ ਵੱਡੇ ਚਲਾਨਾਂ ਦੇ ਡਰ ਤੋਂ ਲੋਕ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲੱਗ ਪਏ ਹਨ। ਬੀਤੀ ਪਹਿਲੀ ਸਤੰਬਰ ਤੋਂ ਲਾਗੂ ਹੋਏ ਨਵੇਂ ਟ੍ਰੈਫ਼ਿਕ ਨਿਯਮਾਂ ਤੋਂ ਬਾਅਦ ਭਾਵੇਂ ਚਲਾਨਾਂ ਦੇ ਵੀ ਰੋਜ਼ਾਨਾ ਨਵੇਂ ਰਿਕਾਰਡ ਬਣ ਤੇ ਟੁੱਟ ਰਹੇ ਹਨ ਪਰ ਸੜਕ ਤੇ ਟਰਾਂਸਪੋਰਟ ਮੰਤਰਾਲੇ ਦੀ ਰਿਪੋਰਟ ਡਰਾਉਂਦੀ ਹੈ।
ਇਸ ਰਿਪੋਰਟ ਮੁਤਾਬਕ ਦੇਸ਼ ਵਿੱਚ ਹਰ ਘੰਟੇ 52 ਸੜਕ ਹਾਦਸੇ ਵਾਪਰਦੇ ਹਨ ਤੇ ਉਨ੍ਹਾਂ ਵਿੱਚ ਔਸਤਨ 17 ਜਣਿਆਂ ਦੀ ਹਰ ਘੰਟੇ ਮੌਤ ਹੋ ਜਾਂਦੀ ਹੈ।
ਭਾਰਤ ਵਿੱਚ ਇੱਕ ਸਾਲ ਅੰਦਰ ਕੁੱਲ 4.65 ਲੱਖ ਸੜਕ ਹਾਦਸੇ ਹੁੰਦੇ ਹਨ ਤੇ ਉਨ੍ਹਾਂ ਵਿੱਚ ਲਗਭਗ 1.48 ਲੱਖ ਵਿਅਕਤੀ ਮਾਰੇ ਜਾਂਦੇ ਹਨ। ਉਨ੍ਹਾਂ ਹੀ ਹਾਦਸਿਆਂ ਵਿੱਚ ਕੁੱਲ 4.71 ਲੱਖ ਦੇ ਲਗਭਗ ਜ਼ਖ਼ਮੀ ਹੁੰਦੇ ਹਨ।
ਇੰਝ ਰੋਜ਼ਾਨਾ ਔਸਤਨ 1237 ਸੜਕ ਹਾਦਸੇ ਵਾਪਰਦੇ ਹਨ। ਰੋਜ਼ਾਨਾ ਔਸਤਨ 405 ਮੌਤਾਂ ਹੁੰਦੀਆਂ ਹਨ। ਜ਼ਿਆਦਾਤਰ ਸੜਕ ਹਾਦਸੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਦੇ ਵਿਚਕਾਰ ਹੁੰਦੇ ਹਨ। ਟੀ ਅਤੇ ਵਾਈ ਜੰਕਸ਼ਨ ਉੱਤੇ ਸਭ ਤੋਂ ਵੱਧ ਹਾਦਸੇ ਹੁੰਦੇ ਹਨ।
73 ਫ਼ੀ ਸਦੀ ਹਾਦਸੇ ਸਾਫ਼ ਮੌਸਮ ਵਿੱਚ ਹੀ ਹੁੰਦੇ ਹਨ। ਮੀਂਹ ਤੇ ਧੁੰਦ ਕਾਰਨ 25 ਫ਼ੀ ਸਦੀ ਹਾਦਸੇ ਹੁੰਦੇ ਹਨ। ਸਵੇਰੇ 9 ਵਜੇ ਤੋਂ ਸ਼ਾਮੀਂ 9 ਵਜੇ ਤੱਕ 67 ਫ਼ੀ ਸਦੀ ਹਾਦਸੇ ਵਾਪਰਦੇ ਹਨ। ਇਨ੍ਹਾਂ ਹਾਦਸਿਆਂ ਵਿੱਚ ਮਰਨ ਵਾਲੇ ਵਿਅਕਤੀਆਂ ਦੀ ਔਸਤ ਉਮਰ 18 ਤੋਂ 34 ਸਾਲ ਹੈ। 80 ਫ਼ੀ ਸਦੀ ਹਾਦਸਿਆਂ ਲਈ ਡਰਾਇਵਰ ਜ਼ਿੰਮੇਵਾਰ ਹੁੰਦੇ ਹਨ।
ਬਹੁਤੇ ਹਾਦਸੇ ਤੇਜ਼ ਰਫ਼ਤਾਰ ਤੇ ਸ਼ਰਾਬ ਦੇ ਨਸ਼ੇ ਵਿੱਚ ਹੁੰਦੇ ਹਨ।