ਦੂਰਸੰਚਾਰ ਉਪਕਰਣ ਤਿਆਰ ਕਰਨ ਵਾਲੀ ਹੈਦਰਾਬਾਦ ਦੀ ਇੱਕ ਕੰਪਨੀ ‘ਵੀਐੱਮਸੀ ਸਿਸਟਮਜ਼` ਤੇ ਉਸ ਦੇ ਪ੍ਰੋਮੋਟਰਾਂ ਵਿਰੁੱਧ ਸੀਬੀਆਈ ਨੇ ਪੰਜਾਬ ਨੈਸ਼ਨਲ ਬੈਂਕ ਨਾਲ 1,700 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇਸ ਕੰਪਨੀ ਵਿਰੁੱਧ ਸਿ਼ਕਾਇਤ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਨੇ ਹੀ ਦਰਜ ਕਰਵਾਈ ਹੈ। ਇੱਥੇ ਵਰਨਣਯੋਗ ਹੈ ਕਿ ਇਹ ਬੈਂਕ ਪਹਿਲਾਂ ਹੀ ਜਿਊਲਰਾਂ ਨੀਰਵ ਮੋਦੀ ਤੇ ਮੇਹੁਲ ਚੌਕਸੀ ਵੱਲੋਂ ਕੀਤੀ 2 ਅਰਬ ਅਮਰੀਕੀ ਡਾਲਰ ਦੀ ਧੋਖਾਧੜੀ ਦਾ ਝਟਕਾ ਝੱਲ ਰਿਹਾ ਹੈ।
ਸੀਬੀਆਈ ਨੇ ਕੰਪਨੀ ਤੇ ਉਸ ਦੇ ਪ੍ਰੋਮੋਟਰਾਂ ਵੁੱਪਲਾਪਾਤੀ ਹਿਮਾ ਬਿੰਦੂ, ਵੁੱਪਲਾਪਾਤੀ ਵੈਂਕਟ ਰਾਮਾ ਰਾਓ ਤੇ ਭਗਵਤੌਲਾ ਵੈਂਕਟ ਰਮੰਨਾ ਵਿਰੁੱਧ ਫ਼ੌਜਦਾਰੀ ਸਾਜਿ਼ਸ਼ ਰਚਣ, ਧੋਖਾਧੜੀ ਕਰਨ ਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।
ਸੀਬੀਆਈ ਨੇ ਅੱਜ ਵੀਰਵਾਰ ਨੂੰ ਕੰਪਨੀ ਦੇ ਹੈਦਰਾਬਾਦ ਸਥਿਤ ਤਿੰਨ ਟਕਾਣਿਆਂ ਤੇ ਡਾਇਰੈਕਟਰਾਂ ਦੇ ਦਫ਼ਤਰਾਂ ਤੇ ਰਿਹਾਇਸ਼ਗਾਹਾਂ `ਤੇ ਛਾਪੇ ਵੀ ਮਾਰੇ। ਪੰਜਾਬ ਨੈਸ਼ਨਲ ਬੈਂਕ ਦੀ ਸਿਕਾਇਤ ਅਨੁਸਾਰ ਕੰਪਨੀ ਨੇ 1,700 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਤੇ ਉਸ ਨੂੰ ਮੋੜਨ ਵਿੱਚ ਧੋਖਾਧੜੀ ਕੀਤੀ। ਇਸ ਕੰਪਨੀ ਨੇ ਪੰਜਾਬ ਨੈਸ਼ਨਲ ਬੈਂਕ ਦੇ 539 ਕਰੋੜ ਰੁਪਏ ਦੇਣੇ ਹਨ ਤੇ ਇਸ ਤੋਂ ਇਲਾਵਾ 1,207 ਕਰੋੜ ਰੁਪਏ ਉਸ ਨੇ ਸਟੇਟ ਬੈਂਕ ਆਫ਼ ਇੰਡੀਆ, ਕਾਰਪੋਰੇਸ਼ਨ ਬੈਂਕ, ਆਂਧਰਾ ਬੈਂਕ ਤੇ ਜੇ.ਐੱਮ. ਫ਼ਾਈਨੈਂਸ਼ੀਅਲ ਅਸੈਟਸ ਰੀਕੰਸਟ੍ਰੱਕਸ਼ਨ ਕੰਪਨੀ ਦੇ ਦੇਣੇ ਹਨ।