ਬਹਿਰੀਨ ਅਤੇ ਓਮਾਨ ਤੋਂ ਆਏ 176 ਭਾਰਤੀਆਂ ਨੇ ਅੱਜ ਕੋਚੀ ਦੇ ਜਲ ਸੈਨਾ ਬੇਸ ਵਿਖੇ ਕੁਆਰੰਟੀਨ ਦੀ ਆਪਣੀ ਲੋੜੀਂਦੀ ਮਿਆਦ ਪੂਰੀ ਕੀਤੀ। ਪਿਛਲੇ ਦੋ ਹਫ਼ਤਿਆਂ ਤੋਂ ਦੱਖਣੀ ਜਲ ਸੈਨਾ ਕਮਾਂਡ ਕੋਵਿਡ ਦੇਖਭਾਲ਼ ਕੇਂਦਰ (ਸੀਸੀਸੀ) ਦੇ ਇਹ ਵਸਨੀਕ ਹੁਣ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣੀ ਮੰਜ਼ਿਲਾਂ ਤੱਕ ਜਾਣਗੇ।
ਕੋਵਿਡ ਦੇਖਭਾਲ਼ ਕੇਂਦਰ (ਸੀਸੀਸੀ) ਵਿਖੇ ਰੁਕਣ ਦੌਰਾਨ ਉਨ੍ਹਾਂ ਨੂੰ ਸਾਰੇ ਖਾਣੇ, ਨਿਜੀ ਸਫਾਈ ਕਿੱਟਾਂ, ਨਿਰੀਖਣ ਮੈਡੀਕਲ ਕੇਅਰ, ਵਾਈਫ਼ਾਈ ਅਤੇ ਟੈਲੀਫੋਨ ਸੁਵਿਧਾਵਾਂ, ਬੀਐੱਸਐੱਨਐੱਲ ਦੇ ਨਵੇਂ ਸਿਮ ਕਾਰਡਾਂ ਦੇ ਨਾਲ-ਨਾਲ ਵਿਦੇਸ਼ੀ ਮੁਦਰਾ ਦੀ ਅਦਲਾ-ਬਦਲੀ ਦੀਆਂ ਸੁਵਿਧਾਵਾਂ ਸਮੇਤ ਹੋਰ ਬੁਨਿਆਦੀ ਸੁਵਿਧਾਵਾਂ ਉਪਲੱਬਧ ਕਰਾਈਆਂ ਗਈਆਂ।
ਸਾਰਿਆਂ ਦੇ ਰੁਕਣ ਦੌਰਾਨ ਉਨ੍ਹਾਂ ਦੇ ਆਰਟੀ-ਪੀਸੀਆਰ ਟੈਸਟ ਕਰਵਾਏ ਗਏ ਅਤੇ ਟੈਸਟ ਨੈਗੇਟਿਵ ਆਉਣ ‘ਤੇ ਉਨ੍ਹਾਂ ਨੂੰ ਡਿਸਚਾਰਜ ਕੀਤਾ ਗਿਆ।
ਓਮਾਨ ਤੋਂ ਆਏ 49 ਭਾਰਤੀ ਅੱਜ ਕੋਵਿਡ ਦੇਖਭਾਲ਼ ਕੇਂਦਰ (ਸੀਸੀਸੀ) ਤੋਂ ਰਵਾਨਾ ਹੋਣ ਵਾਲੇ ਆਖਰੀ ਵਿਅਕਤੀ ਸਨ, ਜਦੋਂ ਕਿ ਬਹਿਰੀਨ ਤੋਂ ਆਏ 127 ਭਾਰਤੀ ਨਾਗਰਿਕ 01 ਅਤੇ 02 ਜੂਨ ਵਿਚਾਲੇ ਭਾਰਤੀ ਜਲ ਸੈਨਾ ਦੇ ਇਸ ਕੇਂਦਰ ਤੋਂ ਚਲੇ ਗਏ ਸਨ।
ਕੋਚੀ ਵਿਖੇ 200 ਬਿਸਤਰਿਆਂ ਦੀ ਸਮਰੱਥਾ ਵਾਲੇ ਜਲ ਸੈਨਾ ਦਾ ਕੁਆਰੰਟੀਨ ਕੇਂਦਰ 20 ਮਾਰਚ ਨੂੰ ਸਥਾਪਿਤ ਕੀਤਾ ਗਿਆ ਸੀ ਅਤੇ ਛੁੱਟੀ ਤੋਂ ਬਾਅਦ ਡਿਊਟੀ ‘ਤੇ ਪਰਤਣ ਵਾਲੇ ਜਲ ਸੈਨਾ ਦੇ ਕਰਮਚਾਰੀਆਂ ਲਈ ਟਰਾਂਜ਼ਿਟ ਕੁਆਰੰਟੀਨ ਕੈਂਪ ਵਜੋਂ ਕੰਮ ਕਰ ਰਿਹਾ ਹੈ। ਇਸ ਨੂੰ ਬਹਿਰੀਨ ਅਤੇ ਓਮਾਨ ਤੋਂ ਪਹੁੰਚਣ ਵਾਲੇ ਵਿਅਕਤੀਆਂ ਦੀ ਦੇਖਭਾਲ਼ ਲਈ ਥੋੜ੍ਹੇ ਸਮੇਂ ਵਿੱਚ ਹੀ ਸੈਨੇਟਾਈਜ਼ ਕੀਤਾ ਗਿਆ ਸੀ।
ਕੈਂਪ ਦਾ ਪ੍ਰਬੰਧਨ ਜਲ ਸੈਨਾ ਦੇ ਸਿਖਲਾਈ ਪ੍ਰਾਪਤ ਡਾਕਟਰਾਂ ਅਤੇ ਦੱਖਣੀ ਜਲ ਸੈਨਾ ਕਮਾਂਡ ਵਿਖੇ ਸਥਿਤ ਜਲ ਸੈਨਾ ਏਅਰਮੇਨ ਸਕੂਲ (ਐੱਸਐੱਫਐੱਨਏ) ਦੇ ਕਰਮਚਾਰੀਆਂ ਵੱਲੋਂ ਕੀਤਾ ਜਾ ਰਿਹਾ ਹੈ।
ਕੋਵਿਡ -19 ਵਿਰੁੱਧ ਲੜਾਈ ਵਿਚ ਰਾਸ਼ਟਰ ਨੂੰ ਸਹਿਯੋਗ ਦੇਣ ਵਿਚ ਭਾਰਤੀ ਜਲ ਸੈਨਾ ਨੇ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਅਤੇ 'ਹਰ ਕਾਮ ਦੇਸ਼ ਨੂੰ ਸਮਰਪਿਤ' ਕਰਨ ਸਬੰਧੀ ਆਪਣੇ ਇਰਾਦੇ ਤੇ ਜਜ਼ਬੇ ਨੂੰ ਪੂਰਾ ਕਰਨ ਲਈ ਆਪਣੇ ਯਤਨ ਜਾਰੀ ਰੱਖੇਗੀ।