ਜਹਾਜ਼ ਅਤੇ ਕਾਕਪਿਟ ਮੁਲਾਜ਼ਮਾਂ ਦੀ ਕਮੀ ਕਾਰਨ ਗੋ ਏਅਰ ਨੇ 18 ਘਰੇਲੂ ਉਡਾਨਾਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ 'ਚ ਦਿੱਲੀ, ਮੁੰਬਈ, ਬੰਗਲੁਰੂ, ਕੋਲਕਾਤਾ ਅਤੇ ਪਟਨਾ ਦੀਆਂ ਉਡਾਨਾਂ ਸ਼ਾਮਿਲ ਹਨ। ਇੱਕ ਸੂਤਰ ਨੇ ਨਿਊਜ਼ ਏਜੰਸੀ ਭਾਸ਼ਾ ਨੂੰ ਦੱਸਿਆ ਕਿ ਏਅਰਲਾਈਨਜ਼ ਦੇ A300 ਨਿਓ ਜਹਾਜ਼ਾਂ ਦੇ ਇੰਜਨ 'ਚ ਗੜਬੜੀ ਸਮੇਤ ਹੋਰ ਪ੍ਰੇਸ਼ਾਨੀਆਂ ਕਾਰਨ ਕਈ ਜਹਾਜ਼ਾਂ ਦੀ ਆਵਾਜਾਈ ਨਹੀਂ ਹੋ ਪਾ ਰਹੀ ਹੈ, ਜਿਸ ਕਾਰਨ ਜਹਾਜ਼ਾਂ ਦੀ ਕਮੀ ਹੋ ਰਹੀ ਹੈ।
ਸੂਤਰ ਨੇ ਦੱਸਿਆ ਕਿ ਗੋ ਏਅਰ ਨੇ ਮੁੰਬਈ, ਗੋਆ, ਬੰਗਲੁਰੂ, ਦਿੱਲੀ, ਸ੍ਰੀਨਗਰ, ਜੰਮੂ, ਪਟਨਾ, ਇੰਦੌਰ ਅਤੇ ਕੋਲਕਾਤਾ ਤੋਂ ਸੋਮਵਾਰ ਨੂੰ 18 ਉਡਾਨਾਂ ਰੱਦ ਕਰ ਦਿੱਤੀਆਂ। ਜਹਾਜ਼ਾਂ ਦੀ ਕਮੀ ਅਤੇ ਮੁਲਾਜ਼ਮਾਂ ਦੀ ਕਮੀ ਕਾਰਨ ਏਅਰਲਾਈਨਜ਼ ਨੂੰ ਇਹ ਫੈਸਲਾ ਲੈਣਾ ਪਿਆ। ਹਾਲਾਂਕਿ ਗੋ ਏਅਰ ਨੇ ਬਿਆਨ 'ਚ ਕਿਹਾ ਕਿ ਉਡਾਨ ਸੇਵਾ 'ਚ ਪ੍ਰੇਸ਼ਾਨੀ ਦਾ ਕਾਰਨ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦੇਸ਼ ਭਰ 'ਚ ਚੱਲ ਰਹੇ ਪ੍ਰਦਰਸ਼ਨ ਅਤੇ ਸੰਚਾਲਨ ਮੁਲਜ਼ਮਾਂ ਦੇ ਡਿਊਟੀ ਸਬੰਧੀ ਨਿਯਮ ਕਾਨੂੰਨ ਹੈ।
ਏਅਰਲਾਈਨਜ਼ ਨੇ ਇਹ ਨਹੀਂ ਦੱਸਿਆ ਕਿ ਸੋਮਵਾਰ ਨੂੰ ਕਿੰਨੀਆਂ ਉਡਾਨਾਂ ਰੱਦ ਕੀਤੀਆਂ ਗਈਆਂ। ਗੋ ਏਅਰ ਦੇ ਬੁਲਾਰੇ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ, "ਖਰਾਬ ਮੌਸਮ, ਘੱਟ ਵਿਜ਼ੀਬਿਲਟੀ ਅਤੇ ਦੇਸ਼ ਦੇ ਕੁੱਝ ਹਿੱਸਿਆਂ 'ਚ ਸੀਏਏ ਦੇ ਵਿਰੋਧ ਕਾਰਨ ਗੋ ਏਅਰ ਨੈਟਵਰਕ ਦੀਆਂ ਕਈ ਉਡਾਨਾਂ ਪ੍ਰਭਾਵਿਤ ਹੋਈਆਂ ਹਨ।"