1984 ਸਿੱਖ ਕਤਲੇਆਮ ਮਾਮਲੇ ਚ ਦਿੱਲੀ ਹਾਈਕੋਰਟ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ। ਦਿੱਲੀ ਹਾਈਕੋਰਟ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅਪਰਾਧਿਕ ਸ਼ਾਜਿਸ਼ ਕਰਨ, ਦੁਸ਼ਮਣੀ ਨੂੰ ਵਾਧਾ ਦੇਣਾ, ਫਿਰਕੂਵਾਦ ਵਿਚਾਰਾਂ ਖਿਲਾਫ ਕਾਰਗੁਜ਼ਾਰੀ ਕਰਨ ਦਾ ਦੋਸ਼ੀ ਕਰਾਰ ਦਿੱਤਾ। ਹਾਈਕੋਰਟ ਨੇ ਸੱਜਣ ਕੁਮਾਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਇਸ ਮਾਮਲੇ ਚ ਸੱਜਣ ਕੁਮਾਰ ਨੂੰ ਸਰੰਡਰ ਕਰਨ ਲਈ 31 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ। ਹੇਠਲੀ ਅਦਾਲਤ ਨੇ ਸੱਜਣ ਕੁਮਾਰ ਨੂੰ ਰਿਹਾ ਕਰ ਦਿੱਤਾ ਸੀ। ਜਿਸਦੇ ਖਿਲਾਫ ਪੀੜਤ ਪੱਖ ਅਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਹਾਈਕੋਰਟ ਚ ਅਪੀਲ ਕੀਤੀ ਸੀ। ਸੀਬੀਆਈ ਅਤੇ ਕਤਲੇਆਮ ਪੀੜਤਾਂ ਦੀ ਅਪੀਲ ਤੇ ਹਾਈਕੋਰਟ ਨੇ 29 ਅਕਤੂਬਰ ਨੂੰ ਦਲੀਲਾਂ ਸੁਣਨ ਮਗਰੋਂ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਜਸਟਿਸ ਐਸ ਮੁਰਲੀਧਰ ਅਤੇ ਜਸਟਿਸ ਵਿਨੋਦ ਗੋਇਲ ਦੀ ਬੈਂਚ ਨੇ ਸੋਮਵਾਰ ਨੂੰ ਸੱਜਣ ਕੁਮਾਰ ਨੂੰ ਕਤਲੇਆਮ ਲਈ ਭੀੜ ਨੂੰ ਭੜਕਾਉਣ ਅਤੇ ਸਾਜਿਸ਼ ਕਰਨ ਦਾ ਦੋਸ਼ੀ ਕਰਾਰ ਦਿੱਤਾ। ਹਾਈਕੋਰਟ ਨੇ ਆਪਣੇ ਫੈਸਲੇ ਚ ਕਿਹਾ ਕਿ ਦੋਸ਼ੀ ਸੱਜਣ ਕੁਮਾਰ ਸਾਰੀ ਉਮਰ ਜੇਲ੍ਹ ਚ ਰਹਿਣਗੇ। ਇਸ ਮਾਮਲੇ ਚ ਹਾਈਕੋਰਟ ਨੇ ਕਾਂਗਰਸ ਦੇ ਸਾਬਕਾ ਕੌਂਸਲਰ ਬਲਵਾਨ ਖੋਖਰ, ਰਿਟਾਇਅਰਡ ਸਾਬਕਾ ਜਲ ਸੈਨਾ ਅਫਸਰ ਭਾਗਮਲ ਅਤੇ ਤਿੰਨ ਹੋਰਨਾਂ ਨੂੰ ਦੋਸ਼ੀ ਬਰਕਰਾਰ ਰੱਖਿਆ ਹੈ। ਅਦਾਲਤ ਨੇ ਇਸ ਮਾਮਲੇ ਚ ਸੱਜਣ ਕੁਮਾਰ ’ਤੇ 5 ਲੱਖ ਰੁਪਏ ਦਾ ਜੁਰਮਾਨਾ ਵੀ ਠੋਕਿਆ ਹੈ ਅਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਹੋਰਨਾਂ ਦੋਸ਼ੀਆਂ ਤੇ ਲਗਾਇਆ ਹੈ।
ਦਿੱਲੀ ਹਾਈ ਕੋਰਟ ਵਲੋਂ ਅੱਜ ਦਿੱਤੇ ਗਏ ਫੈਸਲੇ ਤੇ ਸੱਜਣ ਕੁਮਾਰ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਹਾਈ ਕੋਰਟ ਦੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਚ ਚੁਣੌਤੀ ਦੇਣਗੇ।
ਪਿਛਲੇ ਮਹੀਨੇ ਪਟਿਆਲਾ ਹਾਊਸ ਕੋਰਟ ਚ ’84 ਸਿੱਖ ਕਤਲੇਆਮ ਮਾਮਲੇ ਚ ਗਵਾਹ ਚਾਮ ਕੌਰ ਨੇ ਸੱਜਣ ਕੁਮਾਰ ਨੂੰ ਪਛਾਣ ਲਿਆ ਸੀ। ਸੱਜਣ ਕੁਮਾਰ ਦੀ ਪਛਾਣ ਕਰਦਿਆਂ ਚਾਮ ਕੌਰ ਨੇ ਕਿਹਾ ਸੀ ਕਿ ਇਹ ਉਹੀ ਵਿਅਕਤੀ ਹੈ ਜਿਸਨੇ ਭੀੜ ਨੂੰ ਭੜਕਾਇਆ ਸੀ।
ਦੰਗਿਆਂ ਚ ਪਿਤਾ ਅਤੇ ਮੁੰਡੇ ਨੂੰ ਖੋਹਿਆ
ਕੋਰਟ ਚ ਗਵਾਹੀ ਦੇਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਚਾਮ ਕੌਰ ਨੇ ਕਿਹਾ ਕਿ 1984 ਸਿੱਖ ਕਤਲੇਆਮ ਚ ਗਵਾਹ ਵਜੋਂ ਮੈਂ ਸਾਹਮਣੇ ਖੜ੍ਹੇ ਸੱਜਣ ਕੁਮਾਰ ਦੀ ਪਛਾਣ ਕਰ ਲਈ ਹੈ। ਮੈਂ ਜੱਜ ਸਾਹਬ ਨੂੰ ਕਿਹਾ ਕਿ ਇਸੇ ਵਿਅਕਤੀ ਨੇ ਭੀੜ ਨੂੰ ਭੜਕਾਇਆ ਸੀ। ਪਾਰਕ ਚ ਸੱਜਣ ਕੁਮਾਰ ਨੇ ਬੋਲਿਆ ਸੀ ਕਿ ਸਾਡੀ ਮਾਂ ਦਾ ਕਤਲ ਸਿੱਖਾਂ ਨੇ ਕੀਤਾ ਹੈ, ਇਸ ਲਈ ਇਨ੍ਹਾਂ ਲੋਕਾਂ ਨੂੰ ਨਹੀਂ ਛੱਡਣਾ ਹੈ ਅਤੇ ਬਾਅਦ ਚ ਉਸੇ ਭੀੜ ਨੇ ਮੇਰੇ ਮੁੰਡੇ ਅਤੇ ਪਿਤਾ ਦਾ ਕਤਲ ਕਰ ਦਿੱਤਾ।
ਚਾਮ ਕੌਰ ਨੇ ਕੋਰਟ ਚ ਸੱਜਣ ਕੁਮਾਰ ਦੇ ਸਾਹਮਣੇ ਦਿੱਤੇ ਗਏ ਬਿਆਨ ਚ ਕਿਹਾ ਸੀ ਕਿ 1 ਨਵੰਬਰ 1984 ਨੂੰ ਸੁਲਤਾਨਪੁਰੀ ਇਲਾਕੇ ਚ ਭੀੜ ਨੂੰ ਸੱਜਣ ਕੁਮਾਰ ਨੇ ਭੜਕਾਇਆ ਸੀ ਅਤੇ ਬਾਅਦ ਚ ਉਸੇ ਭੀੜ ਨੇ ਉਸਦੇ ਘਰ ਨੂੰ ਅੱਗ ਲਗਾ ਕੇ ਸੁਆਹ ਕਰ ਦਿੱਤਾ ਸੀ। ਚਾਮ ਕੌਰ ਨੇ ਕੋਰਟ ਨੂੰ ਦਿੱਤੇ ਆਪਣੇ ਚ ਅੱਗੇ ਕਿਹਾ ਕਿ ਉਸਦੇ ਪਿਤਾ ਅਤੇ ਬੇਟੇ ਦਾ ਕਤਲ ਵੀ ਉਸੇ ਭੀੜ ਨੇ ਕੀਤੀ। ਇਸੇ ਮਾਮਲੇ ਦੀ ਜਾਂਚ ਸੀਬੀਆਈ ਵੀ ਕਰ ਰਹੀ ਹੈ।
ਜ਼ਮਾਨਤ ’ਤੇ ਬਾਹਰ ਸੀ ਸੱਜਣ ਕੁਮਾਰ
ਸਿੱਖ ਕਤਲੇਆਮ ਮਾਮਲੇ ਚ ਸੱਜਣ ਕੁਮਾਰ ਹਾਲੇ ਜ਼ਮਾਨਤ ਤੇ ਬਾਹਰ ਹੈ। ਫਰਵਰੀ 2018 ਚ ਦਿੱਲੀ ਹਾਈਕੋਰਟ ਨੇ 1984 ਦੇ ਸਿੱਖ ਕਤਲੇਆਮ ਮਾਮਲਿਆਂ ਦੇ ਦੋ ਮਾਮਲਿਆਂ ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅੰਤਿਮ ਜ਼ਮਾਨਤ ਦੇਣ ਦੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਸੀ।
ਦੱਸਣਯੋਗ ਹੈ ਕਿ ਸਾਲ 1984 ਚ 31 ਅਕਤੂਬਰ ਨੂੰ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਦੁਆਰਾ ਕਤਲ ਕਰਨ ਮਗਰੋਂ ਸਿੱਖ ਕਤਲੇਆਮ ਦਾ ਦਰਦਨਾਕ ਘੱਲੁਘਾਰਾ ਵਾਪਰਿਆ ਸੀ। ਇਹ ਮਾਮਲਾ ਦਿੱਲੀ ਕੈਂਟ ਚ 5 ਸਿੱਖਾਂ ਦੇ ਕਤਲ ਦੇ ਮਾਮਲੇ ਨਾਲ ਜੁੜਿਆ ਹੈ।
ਦਿੱਲੀ ਕੈਂਟ ਦੇ ਰਾਜਨਗਰ ਇਲਾਕੇ ਚ 5 ਸਿੱਖਾਂ ਕਹਿਰ ਸਿੰਘ, ਗੁਰਪ੍ਰੀਤ ਸਿੰਘ, ਰਘੁਵਿੰਦਰ ਸਿੰਘ, ਨਰੇਂਦਰ ਸਿੰਘ ਅਤੇ ਕੁਲਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਸਿ਼ਕਾਇਤਕਰਤਾ ਅਤੇ ਚਸ਼ਮਦੀਤ ਗਵਾਹ ਜਗਦੀਸ਼ ਕੌਰ ਕਹਿਰ ਸਿੰਘ ਦੀ ਪਤਨੀ ਗੁਰਪ੍ਰੀਤ ਸਿੰਘ ਦੀ ਮਾਂ ਸੀ। ਰਘੁਵਿੰਦਰ, ਨਰਿੰਦਰ ਅਤੇ ਕੁਲਦੀਪ ਉਨ੍ਹਾਂ ਦੇ ਹੋਰ ਮਾਮਲਿਆਂ ਦੇ ਇੱਕ ਹੋਰ ਗਵਾਹ ਜਗਸ਼ੇਰ ਸਿੰਘ ਦੇ ਭਰਾ ਸਨ।