ਜੰਮੂ–ਕਸ਼ਮੀਰ ’ਚੋਂ ਧਾਰਾ 370 ਖ਼ਤਮ ਕਰਨ ਦੀਆਂ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਸਨ। ਇਨ੍ਹਾਂ ਬਾਰੇ ਹੁਣ ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਜੰਮੂ–ਕਸ਼ਮੀਰ ਪ੍ਰਸ਼ਾਸਨ ਨੂੰ ਪਿਛਲੇ ਹਫ਼ਤੇ ਹੀ 2,000 ਸੈਟੇਲਾਇਟ ਫ਼ੋਨ ਭੇਜ ਦਿੱਤੇ ਸਨ। ਦਰਅਸਲ, ਜੰਮੂ–ਕਸ਼ਮੀਰ ’ਚ ਮੋਬਾਇਲ ਤੇ ਇੰਟਰਨੈੱਟ ਸੇਵਾਵਾਂ ਬੀਤੇ ਐਤਵਾਰ ਸ਼ਾਮ ਤੋਂ ਹੀ ਬੰਦ ਪਈਆਂ ਹਨ।
ਅਜਿਹੇ ਵੇਲੇ ਉੱਚ–ਪੱਧਰੀ ਸਰਕਾਰੀ ਅਧਿਕਾਰੀਆਂ ਨੂੰ ਕੇਂਦਰ ਸਰਕਾਰ ਜਾਂ ਰਾਜਪਾਲ ਸੱਤਿਆ ਪਾਲ ਮਲਿਕ ਨਾਲ ਜਾਂ ਆਪਸ ਵਿੱਚ ਗੱਲਬਾਤ ਕਰਨ ਦੀ ਸਹੂਲਤ ਲਈ ਸੈਟੇਲਾਇਟ ਫ਼ੋਨ ਪਹਿਲਾਂ ਹੀ ਭੇਜ ਦਿੱਤੇ ਸਨ।
ਕਾਨੂੰਨ ਤੇ ਵਿਵਸਥਾ ਉੱਤੇ ਚੌਕਸ ਨਜ਼ਰ ਰੱਖਣ ਲਈ ਬਹੁਤ ਸਾਰੇ ਡ੍ਰੋਨ ਵੀ ਭੇਜੇ ਗਏ ਹਨ; ਜਿਨ੍ਹਾਂ ਵੱਲੋਂ ਭੇਜੀਆਂ ਜਾਣ ਵਾਲੀਆਂ ਤਸਵੀਰਾਂ ਤੋਂ ਜ਼ਮੀਨ ਉੱਤੇ ਹੋ ਰਹੀ ਹਰ ਹਰਕਤ ਨੂੰ ਤੁਰੰਤ ਵੇਖਿਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਪਿਛਲੇ 10 ਦਿਨਾਂ ਦੌਰਾਨ ਨੀਮ ਫ਼ੌਜੀ ਬਲਾਂ ਦੀਆਂ 380 ਕੰਪਨੀਆਂ ਭਾਵ 38,000 ਜਵਾਨ ਕਸ਼ਮੀਰ ਵਾਦੀ ’ਚ ਭੇਜੇ ਗਏ ਸਨ। ਤਦ ਹੀ ਲੋਕਾਂ ਨੂੰ ਇੱਕ ਅੰਦਾਜ਼ਾ ਜਿਹਾ ਲੱਗਣ ਲੱਗ ਪਿਆ ਸੀ ਕਿ ਕਸ਼ਮੀਰ ਵਾਦੀ ਵਿੱਚ ਕੁਝ ਨਾ ਕੁਝ ਜ਼ਰੂਰ ਵੱਡਾ ਵਾਪਰਨ ਵਾਲਾ ਹੈ।
ਇਸੇ ਦੌਰਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਪਹਿਲਾਂ ਹੀ ਸ੍ਰੀਨਗਰ ਪੁੱਜ ਗਏ ਸਨ। ਇਸ ਇਲਾਕੇ ’ਚ ਕਾਨੂੰਨ ਤੇ ਵਿਵਸਥਾ ਉੱਤੇ ਖ਼ੁਦ ਸ੍ਰੀ ਡੋਵਾਲ ਨੇ ਨਜ਼ਰ ਰੱਖੀ ਹੋਈ ਹੈ।
ਕੇਂਦਰ ਸਰਕਾਰ ਨੂੰ ਪਹਿਲਾਂ ਹੀ ਖ਼ਦਸ਼ਾ ਸੀ ਕਿ ਧਾਰਾ 370 ਖ਼ਤਮ ਕਰ ਕੇ ਜੰਮੂ–ਕਸ਼ਮੀਰ ਨੂੰ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਦੇਣ ਦੀ ਕਾਰਵਾਈ ਸ਼ਾਇਦ ਕੁਝ ਸਿਆਸੀ ਆਗੂਆਂ ਜਾਂ ਲੋਕਾਂ ਨੂੰ ਛੇਤੀ ਕਿਤੇ ਨਾ ਜਚੇ, ਇਸੇ ਲਈ ਪਹਿਲਾਂ ਤੋਂ ਹੀ ਸਖ਼ਤ ਸੁਰੱਖਿਆ ਇੰਤਜ਼ਾਮ ਕਰ ਲਏ ਗਏ ਸਨ।
ਕੱਲ੍ਹ ਰੀਸਰਚ ਐਂਡ ਐਨਾਲਿਸਿਸ ਵਿੰਗ (ਰਾੱਅ – RAW) ਦੇ ਨਵੇਂ ਮੁਖੀ ਸਾਮੰਤ ਗੋਇਲ ਨੇ ਵੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਖ਼ਾਸ ਗੱਲਬਾਤ ਕੀਤੀ ਸੀ।