ਉੱਤਰ–ਪੂਰਬੀ ਦਿੱਲੀ ਜ਼ਿਲ੍ਹੇ ’ਚ 24–25 ਫ਼ਰਵਰੀ ਨੂੰ ਭੜਕੀ ਹਿੰਸਾ ’ਚ ਗ੍ਰਿਫ਼ਤਾਰ ਹੋਣ ਵਾਲੇ ਤੇ ਹਿਰਾਸਤ ’ਚ ਮੌਜੂਦ ਵਿਅਕਤੀਆਂ ਦੀ ਗਿਣਤੀ ਵਿੱਚ ਨਿੱਤ ਵਾਧਾ ਹੁੰਦਾ ਜਾ ਰਿਹਾ ਾਹੈ। ਕੱਲ੍ਹ ਸਨਿੱਚਰਵਾਰ ਨੂੰ ਇਹ ਗਿਣਤੀ ਵਧ ਕੇ 2,193 ਤੱਕ ਪੁੱਜ ਗਈ ਹੈ ਤੇ ਹੁਣ ਤੱਕ 690 ਐੱਫ਼ਆਈਆਰਜ਼ (FIRs) ਦਰਜ ਹੋ ਚੁੱਕੀਆਂ ਹਨ। ਇਹ ਜਾਣਕਾਰੀ ਦਿੱਲੀ ਪੁਲਿਸ ਹੈੱਡਕੁਆਰਟਰਜ਼ ਤੋਂ ਮਿਲੀ।
ਹੁਣ ਤੱਕ ਹਥਿਆਰਾਂ ਨਾਲ ਸਬੰਧਤ ਕਾਨੂੰਨ ਅਧੀਨ 48 ਕੇਸ ਦਰਜ ਕੀਤੇ ਜਾ ਚੁੱਕੇ ਹਨ; ਜਦ ਕਿ ਹਿੰਸਾ ਦੌਰਾਨ ਹਥਿਆਰਾਂ ਦੀ ਵਰਤੋਂ ਕਰਨ ਦੇ ਦੋਸ਼ ਅਧੀਨ 50 ਵਿਅਕਤੀ ਗ੍ਰਿਫ਼ਤਾਰ ਹੋ ਚੁੱਕੇ ਹਨ।
ਦਿੱਲੀ ਪੁਲਿਸ ਨੇ ਪਿੱਛੇ ਜਿਹੇ ਹੋਏ ਦੰਗਿਆਂ ਦੌਰਾਨ ‘ਮੂਕ ਦਰਸ਼ਕ’ ਬਣੇ ਰਹਿਣ ਦਾ ਜਿੱਥੇ ਖ਼ਮਿਆਜ਼ਾ ਭੁਗਤਿਆ ਹੈ, ਉੱਥੇ ਹੁਣ ਉਹ ਇਸ ਮਾਮਲੇ ’ਚ ਐਕਸ਼ਨ–ਮੋਡ ਵਿੱਚ ਆ ਗਏ ਹਨ। ਹੁਣ ਵਿਸਥਾਰ ਨਾਲ ਹਰੇਕ ਘਟਨਾਕ੍ਰਮ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਪਰਖਿਆ ਜਾ ਰਿਹਾ ਹੈ ਕਿ ਕਿਵੇਂ ਕਪਿਲ ਮਿਸ਼ਰਾ ਨੇ ਆਪਣੇ ਸਮਰਥਕਾਂ ਨੂੰ ਸੰਦੇਸ਼ ਭੇਜਿਆ ਅਤੇ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਘੱਟ–ਗਿਣਤੀਆਂ ਦੀ ਜ਼ਿਆਦਾ ਆਬਾਦੀ ਵਾਲੇ ਇਲਾਕਿਆਂ ਦੇ ਲੋਕਾਂ ਨੂੰ ਦੰਗਿਆਂ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ, ਜੋ ਕਿ 53 ਵਿਅਕਤੀਆਂ ਦੀ ਮੌਤ ਦਾ ਕਾਰਨ ਬਣਿਆ।
ਪੁਲਿਸ ਦੀ ਅੰਦਰੂਨੀ ਰਿਪੋਰਟ ’ਚ ਕਿਹਾ ਗਿਆ ਹੈ ਕਿ – ‘ਭੀਮ ਆਰਮੀ ਦੇ ਇੱਕ ਵਾਹਨ ਉੱਤੇ ਨਾਗਰਿਕ ਸੋਧ ਕਾਨੂੰਨ ਦੇ ਸਮਰਥਨ ’ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਹਮਲਾ ਕਰ ਦਿੱਤਾ; ਜਿਸ ਤੋਂ ਬਾਅਦ ਭੀਮ ਆਰਮੀ ਦੇ ਕਾਰਕੁੰਨਾਂ ਨੇ ਕਥਿਤ ਤੌਰ ਉੱਤੇ ਸਥਾਨਕ ਲੋਕਾਂ ਨੂੰ ਇਕੱਠੇ ਕੀਤਾ ਤੇ ਜਵਾਬੀ ਕਾਰਵਾਈ ਕੀਤੀ।‘
ਦਿੱਲੀ ਦੰਗਿਆਂ ਬਾਰੇ ਪੁਲਿਸ ਦੀ ਰਿਪੋਰਟ ਦਾ ਅਹਿਮ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ