ਭਾਰਤ ਦੌਰੇ ’ਤੇ ਆਏ ਯੂਰੋਪੀਅਨ ਯੂਨੀਅਨ ਦੇ 23 ਸੰਸਦ ਮੈਂਬਰਾਂ (MPs) ਦਾ ਵਫ਼ਦ ਅੱਜ ਮੰਗਲਵਾਰ ਨੂੰ ਜੰਮੂ–ਕਸ਼ਮੀਰ ਦੀ ਯਾਤਰਾ ਕਰੇਗਾ। ਇਹ ਵਫ਼ਦ ਕਸ਼ਮੀਰ ਦੇ ਮੌਜੂਦਾ ਹਾਲਾਤ ਦਾ ਜਾਇਜ਼ਾ ਲਵੇਗਾ। ਇੱਥੇ ਵਰਨਣਯੋਗ ਹੈ ਕਿ ਬੀਤੀ 5 ਅਗਸਤ ਨੂੰ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕਰਨ ਤੋਂ ਬਾਅਦ ਕਿਸੇ ਵਿਦੇਸ਼ੀ ਵਫ਼ਦ ਦੀ ਇਹ ਪਹਿਲੀ ਕਸ਼ਮੀਰ ਯਾਤਰਾ ਹੋਵੇਗੀ।
ਕਸ਼ਮੀਰ ਵਾਦੀ ਲਈ ਰਵਾਨਗੀ ਪਾਉਣ ਤੋਂ ਪਹਿਲਾਂ ਯੂਰੋਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਨੇ ਕੱਲ੍ਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ। ਕਸ਼ਮੀਰ ਵਾਦੀ ਦੇ ਹਾਲਾਤ ਬਾਰੇ ਪਾਕਿਸਤਾਨ ਦੇ ਕੂੜ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਕੇਂਦਰ ਸਰਕਾਰ ਦੀ ਇਹ ਇੱਕ ਬਹੁਤ ਵੱਡੀ ਕੂਟਨੀਤਕ ਪਹਿਲਕਦਮੀ ਹੈ।
ਇਨ੍ਹਾਂ ਵਿਦੇਸ਼ੀ MPs ਨੂੰ ਵਿਕਾਸ ਤੇ ਪ੍ਰਸ਼ਾਸਨ ਬਾਰੇ ਭਾਰਤ ਦੀਆਂ ਤਰਜੀਹਾਂ ਬਾਰੇ ਸਪੱਸ਼ਟ ਜਾਣਕਾਰੀ ਦਿੱਤੀ ਜਾਵੇਗੀ। ਯੂਰੋਪੀਅਨ ਸੰਸਦ ਦੇ ਇਨ੍ਹਾਂ ਮੈਂਬਰਾਂ ਨੇ ਆਪਣੀ ਦੋ ਦਿਨਾ ਕਸ਼ਮੀਰ ਯਾਤਰਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।
ਸ੍ਰੀ ਮੋਦੀ ਨੇ ਉਨ੍ਹਾਂ ਨੂੰ ਸਪੱਸ਼ਟ ਕੀਤਾ ਕਿ ਅੱਤਵਾਦ ਦੀ ਹਮਾਇਤ ਤੇ ਉਸ ਦੀ ਪੁਸ਼ਤ–ਪਨਾਹੀ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਦੀ ਜ਼ਰੂਰਤ ਹੈ। ਉਨ੍ਹਾਂ ਵਿਦੇਸ਼ੀ MPs ਦੇ ਵਫ਼ਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਸ ਹੈ ਕਿ ਤੁਹਾਨੂੰ ਜੰਮੂ–ਕਸ਼ਮੀਰ ਸਮੇਤ ਹੋਰ ਸਾਰੇ ਭਾਰਤੀ ਖੇਤਰਾਂ ਦਾ ਦੌਰਾ ਕਰਨ ’ਤੇ ਭਾਰਤ ਦੇ ਸਭਿਆਚਾਰ ਤੇ ਧਾਰਮਿਕ ਵਿਭਿੰਨਤਾਵਾਂ ਬਾਰੇ ਜਾਣਕਾਰੀ ਮਿਲੇਗੀ।
ਇਸ ਵਫ਼ਦ ਵਿੱਚ ਯੂਰੋਪ ਦੇ 9 ਦੇਸ਼ਾਂ ਦੇ MPs ਸ਼ਾਮਲ ਹਨ। ਚੇਤੇ ਰਹੇ ਕਿ ਬੀਤੀ 5 ਅਗਸਤ ਨੂੰ ਜਦੋਂ ਭਾਰਤ ਸਰਕਾਰ ਨੇ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਹਟਾਈ ਸੀ, ਤਦ ਯੂਰੋਪੀਅਨ ਯੂਨੀਅਨ ਨੇ ਭਾਰਤ ਦਾ ਸਾਥ ਦਿੱਤਾ ਸੀ। ਯੂਰੋਪੀਅਨ ਯੂਨੀਅਨ ਨੇ ਇੱਕ ਬਿਆਨ ਜਾਰੀ ਕਰ ਕੇ ਪਾਕਿਸਤਾਨ ਦੇ ਰਵੱਈਏ ਨੂੰ ਸ਼ੱਕੀ ਦੱਸਿਆ ਸੀ ਤੇ ਇਹ ਵੀ ਆਖਿਆ ਸੀ ਕਿ ਕਸ਼ਮੀਰ ਇੱਕ ਦੁਵੱਲਾ ਮਾਮਲਾ ਹੈ।