ਕਸ਼ਮੀਰ ਵਾਦੀ ਵਿੱਚ ਨੀਮ ਫ਼ੌਜੀ ਬਲਾਂ ਦੀਆਂ 280 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਦੀ ਪੁਸ਼ਟੀ ਅਧਿਕਾਰਤ ਸੂਤਰਾਂ ਨੇ ਕੀਤੀ ਹੈ। ਇਨ੍ਹਾਂ ਸੁਰੱਖਿਆ ਬਲਾਂ ਵਿੱਚੋਂ ਜ਼ਿਆਦਾਤਰ ਸੀਆਰਪੀਐੱਫ਼ ਦੇ ਜਵਾਨ ਹਨ।
ਅਧਿਕਾਰੀਆਂ ਮੁਤਾਬਕ ਇਨ੍ਹਾਂ ਬਲਾਂ ਨੂੰ ਜੰਮੂ–ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਕੁਝ ਨਾਜ਼ੁਕ ਟਿਕਾਣਿਆਂ ਤੇ ਕਸ਼ਮੀਰ ਵਾਦੀ ਵਿਚ ਕੁਝ ਹੋਰ ਸਥਾਨਾਂ ਉੱਤੇ ਤਾਇਨਾਤ ਕੀਤਾ ਗਿਆ ਹੈ।
ਸਰਕਾਰ ਨੇ ਅਚਾਨਕ 280 ਤੋਂ ਵੱਧ ਕੰਪਨੀਆਂ ਨੂੰ ਤਾਇਨਾਤ ਕਰਨ ਪਿੱਛੇ ਕੋਈ ਕਾਰਨ ਨਹੀਂ ਦੱਸਿਆ। 280 ਕੰਪਨੀਆਂ ਦਾ ਮਤਲਬ ਹੈ 28,000 ਜਵਾਨ।
ਇਸ ਤੋਂ ਇਹ ਵੀ ਕਿਆਸਅਰਾਈਆਂ ਲੱਗ ਰਹੀਆਂ ਹਨ ਕਿ ਭਾਰਤ ਸਰਕਾਰ ਕਿਤੇ ਜੰਮੂ–ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਕਰਵਾਉਣ ਤੋਂ ਪਹਿਲਾਂ ਅੱਤਵਾਦੀਆਂ ਵਿਰੁੱਧ ਕੋਈ ਵੱਡੀ ਕਾਰਵਾਈ ਕਰਨ ਦਾ ਮਨ ਤਾਂ ਨਹੀਂ ਬਣਾ ਰਹੀ? ਹਾਲੇ ਇਸ ਸੁਆਲ ਦਾ ਜਵਾਬ ਤਾਂ ਭਵਿੱਖ ਦੇ ਗਰਭ ਵਿੱਚ ਹੀ ਹੈ, ਇਸ ਲਈ ਪੱਕੇ ਤੌਰ ਉੱਤੇ ਕੁਝ ਨਹੀਂ ਕਿਹਾ ਜਾ ਸਕਦਾ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸ੍ਰੀਨਗਰ ਸ਼ਹਿਰ ਦੇ ਅੰਦਰ ਤੇ ਬਾਹਰ ਜਾਣ ਵਾਲੇ ਸਾਰੇ ਮੁੱਖ ਰਸਤਿਆਂ ਉੱਤੇ ਸੀਆਰਪੀਐੱਫ਼ ਦੇ ਵਾਧੂ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਉਂਝ ਉਨ੍ਹਾਂ ਨਾਲ ਸਥਾਨਕ ਪੁਲਿਸ ਵੀ ਮੌਜੂਦ ਹੈ।
ਉੱਧਰ ਸਥਾਨਕ ਨਾਗਰਿਕਾਂ ਨੂੰ ਹੁਣ ਇਹ ਖ਼ਦਸ਼ਾ ਹੈ ਕਿ ਵਾਧੂ ਸੁਰੱਖਿਆ ਬਲਾਂ ਨਾਲ ਕਸ਼ਮੀਰ ਵਾਦੀ ਵਿੱਚ ਅੱਤਵਾਦੀ ਵਾਰਦਾਤਾਂ ਵਿੱਚ ਕਿਤੇ ਹੋਰ ਵਾਧਾ ਨਾ ਹੋ ਜਾਵੇ ਤੇ ਇੰਝ ਕਾਨੂੰਨ ਤੇ ਵਿਵਸਥਾ ਨੂੰ ਖ਼ਤਰਾ ਵੀ ਪੈਦਾ ਹੋ ਸਕਦਾ ਹੈ।
ਕਸ਼ਮੀਰ ਵਾਦੀ ’ਚ ਹਾਲੇ ਬੀਤੇ ਦਿਨੀਂ 10,000 ਵਾਧੂ ਕੇਂਦਰੀ ਬਲ ਤਾਇਨਾਤ ਕੀਤੇ ਗਏ ਸਨ। ਇਨ੍ਹਾਂ ਨੂੰ ਅੱਤਵਾਦੀਆਂ ਵਿਰੁੱਧ ਕਾਰਵਾਈਆਂ ਲਈ ਹੀ ਤਾਇਨਾਤ ਕੀਤਾ ਗਿਆ ਮੰਨਿਆ ਜਾ ਰਿਹਾ ਹੈ।