ਉੱਤਰ–ਪੂਰਬੀ ਦਿੱਲੀ ’ਚ ਬੀਤੇ ਦਿਨੀਂ ਹੋਈ ਹਿੰਸਾ ’ਚ ਦੰਗਾਕਾਰੀਆਂ ਨੇ ਜਿੱਥੇ 48 ਵਿਅਕਤੀਆਂ ਦੀ ਜਾਨ ਲੈ ਲਈ ਹੈ; ਉੱਥੇ ਘੱਟੋ–ਘੱਟ 287 ਮਕਾਨਾਂ, 327 ਦੁਕਾਨਾਂ ਅਤੇ 372 ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਇਨ੍ਹਾਂ ਨੂੰ ਜਾਂ ਤਾਂ ਅੱਗ ਲਾ ਦਿੱਤੀ ਗਈ ਹੈ ਤੇ ਜਾਂ ਉਨ੍ਹਾਂ ਨਾਲ ਬਹੁਤ ਬੁਰੀ ਤਰ੍ਹਾਂ ਤੋੜ–ਭੰਨ ਕੀਤੀ ਗਈ ਹੈ। ਇਹ ਪ੍ਰਗਟਾਵਾ ਦੰਗਿਆਂ ਦੌਰਾਨ ਹੋਏ ਨੁਕਸਾਨ ਨੂੰ ਲੈ ਜਾਰੀ ਉੱਤਰ–ਪੂਰਬੀ ਜ਼ਿਲ੍ਹੇ ਦੇ ਪ੍ਰਸ਼ਾਸਨ ਦੀ ਅੰਤ੍ਰਿਮ ਰਿਪੋਰਟ ’ਚ ਕੀਤਾ ਗਿਆ ਹੈ। ਉਂਝ ਹਾਲੇ ਅੰਤਿਮ ਰਿਪੋਰਟ ਜਾਰੀ ਹੋਣੀ ਬਾਕੀ ਹੈ ਤੇ ਉਸ ਵਿੱਚ ਇਹ ਅੰਕੜਾ ਵਧ ਸਕਦਾ ਹੈ, ਘਟੇਗਾ ਨਹੀਂ।
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਰਿਪੋਰਟ ਦੰਗਾ ਪ੍ਰਭਾਵਿਤ ਇਲਾਕਿਆਂ ’ਚ ਤਾਇਨਾਤ ਕੀਤੀਆਂ ਗਈਆਂ 18 ਐੱਸਡੀਐੱਮਜ਼ ਦੀ ਅਗਵਾਈ ਹੇਠਲੀਆਂ ਟੀਮਾਂ ਦੇ ਸਰਵੇਖਣ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਹਾਲੇ ਇਹ ਸਰਵੇਖਣ ਚੱਲ ਰਿਹਾ ਹੈ। ਇਸ ਦੀ ਆਖ਼ਰੀ ਰਿਪੋਰਟ ਕਦੋਂ ਆਵੇਗੀ, ਇਸ ਬਾਰੇ ਵੀ ਕੁਝ ਕਹਿਣਾ ਔਖਾ ਹੈ ਕਿਉਂਕਿ ਬਹੁਤੇ ਵਾਹਨਾਂ ਨੂੰ ਸਾੜੇ ਜਾਣ ਤੋਂ ਬਾਅਦ ਉੱਥੋਂ ਚੁੱਕ ਦਿੱਤਾ ਗਿਆ ਸੀ।
ਕਈ ਲੋਕਾਂ ਦੀਆਂ ਦੁਕਾਨਾਂ ਤੇ ਘਰ ਸੜ ਚੁੱਕੇ ਹਨ ਪਰ ਉਹ ਹਾਲੇ ਡਰ ਕਾਰਨ ਪਰਤੇ ਨਹੀਂ ਹਨ। ਗੁਆਂਢੀਆਂ ਰਾਹੀਂ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਉੱਪ–ਮੁੱਖ ਮੰਤਰੀ ਮਨੀਸ਼ ਸਿਸੋਦੀਆ ਮੁਤਾਬਕ ਦੰਗਿਆਂ ’ਚ ਹੋਏ ਨੁਕਸਾਨ ਦੇ ਉਪਰੋਕਤ ਅੰਕੜੇ ਇਹ ਸੋਮਵਾਰ ਸ਼ਾਮ ਤੱਕ ਦੇ ਹਨ। ਹਾਲੇ ਸਰਵੇਖਣ ਚੱਲ ਰਿਹਾ ਹੈ ਤੇ ਨੁਕਸਾਨ ਦਾ ਅੰਕੜਾ ਹੋਰ ਵੀ ਵਧ ਸਕਦਾ ਹੈ। ਦਿੱਲੀ ਸਰਕਾਰ ਵੱਲੋਂ ਹਾਲੇ ਤੱਕ ਦੰਗਾ–ਪੀੜਤਾਂ ਨੂੰ 38.75 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਗਈ ਹੈ।
ਤੁਰੰਤ ਮਦਦ ਲਈ ਸਿਰਫ਼ 25–25 ਹਜ਼ਾਰ ਰੁਪਏ ਦਿੱਤੇ ਗਏ ਹਨ। ਹਾਲੇ ਤੱਕ 89 ਵਿਅਕਤੀਆਂ ਨੂੰ ਆਰਥਿਕ ਮਦਦ ਮਿਲ ਸਕੀ ਹੈ।
ਪੂਰਬੀ ਨਿਗਮ ਨੇ ਦੰਗਾ ਪ੍ਰਭਾਵਿਤ ਖੇਤਰਾਂ ਦੀਆਂ ਸੜਕਾਂ ਤੋਂ ਚਾਰ ਦਿਨਾਂ ’ਚ 700 ਮੀਟ੍ਰਿਕ ਟਨ ਇੱਟਾਂ–ਪੱਥਰ ਅਤੇ 424 ਤੋੜੀਆਂ ਜਾਂ ਸਾੜੀਆਂ ਗੱਡੀਆਂ ਹਟਾਈਆਂ ਹਨ। ਪੂਰਬੀ ਨਿਗਮ ਦੇ ਸ਼ਾਹਦਰਾ ਜ਼ੋਨ ਦੇ 9 ਥਾਣਾ–ਇਲਾਕਿਆਂ ’ਚ 15 ਇਲਾਕੇ ਦੰਗਿਆਂ ਤੋਂ ਪ੍ਰਭਾਵਿਤ ਹੋਏ ਹਨ।
ਹਾਲੇ ਵੀ ਬਹੁਤ ਸਾਰੀਆਂ ਥਾਵਾਂ ’ਤੇ ਮਲਬਾ ਪਿਆ ਹੈ, ਜੋ ਹੌਲੀ–ਹੌਲੀ ਚੁੱਕਿਆ ਜਾ ਰਿਹਾ ਹੈ।