ਰਿਲਾਇੰਸ ਏਡੀਜੀ ਸਮੂਹ ਦੇ ਮਾਲਕ ਅਨਿਲ ਅੰਬਾਨੀ ਉੱਤੇ ਤਿੰਨ ਚੀਨੀ ਬੈਂਕਾਂ ਨੇ 48.53 ਅਰਬ ਰੁਪਏ ਦਾ ਮੁਕੱਦਮਾ ਦਰਜ ਕੀਤਾ ਹੈ। ਇਨ੍ਹਾਂ ਬੈਂਕਾਂ ਦਾ ਕਹਿਣਾ ਹੈ ਕਿ ਅਨਿਲ ਅੰਬਾਨੀ ਦੀ ਬੰਦ ਹੋ ਚੁੱਕੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਨੂੰ 2012 ’ਚ 66.03 ਅਰਬ ਰੁਪਏ ਦਾ ਕਰਜ਼ਾ ਲਿਆ ਸੀ। ਜਿਸ ਦੇ ਭੁਗਤਾਨ ਲਈ ਸ੍ਰੀ ਅਨਿਲ ਅੰਬਾਨੀ 2017 ’ਚ ਡੀਫ਼ਾਲਟਰ ਹੋ ਗਏ ਸਨ।
ਜਿਹੜੇ ਬੈਂਕਾਂ ਨੇ ਰਿਲਾਇੰਸ ਕਮਿਊਨੀਕੇਸ਼ਨ ’ਤੇ ਮੁਕੱਦਮਾ ਦਰਜ ਕੀਤਾ ਹੈ; ਉਨ੍ਹਾਂ ਵਿੱਚ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਬੈਂਕ ਆੱਫ਼ ਚਾਈਨਾ, ਚਾਈਨਾ ਡਿਵੈਲਪਮੈਂਟ ਬੈਂਕ ਤੇ ਐਕਸਪੋਰਟ ਇੰਪੋਰਟ ਬੈਂਕ ਆੱਫ਼ ਚਾਈਨਾ ਸ਼ਾਮਲ ਹਨ। ਇਹ ਮੁਕੱਦਮਾ ਲੰਦਨ ਦੀ ਅਦਾਲਤ ’ਚ ਕੀਤਾ ਗਿਆ ਹੈ।
ਬਲੂਮਬਰਗ ਦੀ ਰਿਪੋਰਟ ਮੁਤਾਬਕ ਤਿੰਨੇ ਬੈਂਕਾਂ ਨੇ ਕਰਜ਼ਾ ਦੇਣ ਤੋਂ ਪਹਿਲਾਂ ਅਨਿਲ ਅੰਬਾਨੀ ਨੂੰ ਨਿਜੀ ਗਰੰਟੀ ਦੇਣ ਲਈ ਕਿਹਾ ਸੀ ਪਰ ਅਜਿਹਾ ਨਹੀਂ ਹੋਇਆ। ਹਾਲੇ ਸਿਰਫ਼ ਇੱਕ ਦਹਾਕਾ ਪਹਿਲਾਂ ਅਨਿਲ ਅੰਬਾਨੀ ਤੇ ਰਿਲਾਇੰਸ ਦੀ ਪੂਰੀ ਚੜ੍ਹਾਈ ਸੀ। ਮਾਰਚ 2018 ’ਚ ਰਿਲਾਇੰਸ ਗਰੁੱਪ ਦਾ ਕੁੱਲ ਕਰਜ਼ਾ 1.7 ਲੱਖ ਕਰੋੜ ਰੁਪਏ ਸੀ। ਪਿੱਛੇ ਜਿਹੇ ਅਨਿਲ ਅੰਬਾਨੀ ਨੇ ਕਿਹਾ ਸੀ ਕਿ ਬੀਤੇ ਕੁਝ ਮਹੀਨਿਆਂ ’ਚ ਉਨ੍ਹਾਂ ਦੇ ਸਮੂਹ ਨੇ 35 ਹਜ਼ਾਰ ਕਰੋੜ ਰੁਪਏ ਦੀ ਦੇਣਦਾਰੀ ਅਦਾ ਕੀਤੀ ਹੈ।
ਭਾਰਤੀ ਬੀਮਾ ਰੈਗੂਲੇਟਰੀ ਅਥਾਰਟੀ ਨੇ ਰਿਲਾਇੰਸ ਹੈਲਥ ਇੰਸ਼ਯੋਰੈਂਸ ਕਾਰਪੋਰੇਸ਼ਨ ਲਿਮਿਟੇਡ ਉੱਤੇ ਨਵੀਂ ਪਾਲਿਸੀ ਵੇਚਣ ਉੱਤੇ ਰੋਕ ਲਾ ਦਿੱਤੀ ਹੈ। ਉਹ ਹੁਣ ਸਿਰਫ਼ ਆਪਣੇ ਪੁਰਾਣੇ ਗਾਹਕਾਂ ਨੂੰ ਹੀ ਸੇਵਾ ਦਿੰਦੀ ਰਹੇਗੀ। ਅਨਿਲ ਅੰਬਾਨੀ ਦੀ ਮਾਲਕੀ ਵਾਲੀ ਰਿਲਾਇੰਸ ਸਮੂਹ ਦੀ ਕੰਪਨੀ RHICL ਵਿੱਤੀ ਸੰਕਟ ਨਾਲ ਜੂਝ ਰਹੀ ਹੈ।