ਵਿਸ਼ਾਖਾਪਟਨਮ ’ਚ ਇੱਕ ਫ਼ਾਰਮਾਸਿਊਟੀਕਲ ਕੰਪਨੀ ਵਿੱਚ ਗੈਸ ਲੀਕੇਜ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਅੱਜ ਵੀਰਵਾਰ ਸਵੇਰੇ ਵਾਪਰੀ ਹੈ। ਇਸ ਤੋਂ ਬਾਅਦ ਸਮੁੱਚੇ ਸ਼ਹਿਰ ਵਿੱਚ ਤਣਾਅ ਵਾਲਾ ਮਾਹੌਲ ਹੈ। ਹਾਲੇ ਵੀ ਹਾਲਾਤ ਕਾਬੂ ਹੇਠ ਨਹੀਂ ਹਨ। ਇਸ ਘਟਨਾ ਵਿੱਚ 8 ਮੌਤਾਂ ਹੋਈਆਂ ਹਨ ਤੇ 20 ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਥਾਨਕ ਪ੍ਰਸ਼ਾਸਨ ਤੇ ਸਮੁੰਦਰੀ ਫ਼ੌਜ ਨੇ ਫ਼ੈਕਟਰੀ ਲਾਗਲੇ ਪੰਜ ਪਿੰਡਾਂ ਨੂੰ ਖਾਲੀ ਕਰਵਾ ਲਿਆ ਹੈ। ਕੁੱਲ 3,000 ਵਿਅਕਤੀਆਂ ਨੂੰ ਇਨ੍ਹਾਂ ਪਿੰਡਾਂ ਵਿੱਚੋਂ ਕੱਢ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਆਰਆਰ ਵੈਂਕਟਪੁਰਮ ’ਚ ਸਥਿਤ ‘ਵਿਸ਼ਾਖਾ ਐਲਜੀ ਪੌਲੀਮਰ’ ਕੰਪਨੀ ’ਚ ਖ਼ਤਰਨਾਕ ਢੰਗ ਨਾਲ ਗੈਸ ਲੀਕ ਹੋਈ ਹੈ। ਇਸ ਜ਼ਹਿਰੀਲੀ ਗੈਸ ਕਾਰਨ ਫ਼ੈਕਟਰੀ ਦੇ ਤਿੰਨ ਕਿਲੋਮੀਟਰ ਦੇ ਇਲਾਕੇ ਪ੍ਰਭਾਵਿਤ ਹਨ। ਫ਼ਿਲਹਾਲ ਪੰਜ ਪਿੰਡ ਖਾਲੀ ਕਰਵਾ ਲਏ ਗਏ ਹਨ। ਸੈਂਕੜੇ ਲੋਕ ਦਰਦ, ਉਲਟੀ ਤੇ ਸਾਹ ਲੈਣ ਵਿੱਚ ਤਕਲੀਫ਼ ਕਾਰਨ ਹਸਪਤਾਲ ਪੁੱਜ ਰਹੇ ਹਨ।
ਗੈਸ ਲੀਕ ਹੋਣ ਕਾਰਨ ਜ਼ਿਆਦਾਤਰ ਬੱਚੇ ਅਤੇ ਬਜ਼ੁਰਗ ਪ੍ਰਭਾਵਿਤ ਹੋਏ ਹਨ। ਸਭ ਨੂੰ ਸਾਹ ਲੈਣ ਵਿੱਚ ਔਖ ਹੋ ਰਹੀ ਹੈ। ਸਰਕਾਰੀ ਹਸਪਤਾਲ ਵਿੱਚ 175 ਦੇ ਲਗਭਗ ਲੋਕਾਂ ਨੂੰ ਦਾਖ਼ਲ ਕਰਵਾਇਆ ਗਿਆ ਹੈ। ਕਈ ਜਣਿਆਂ ਨੂੰ ਗੋਪਾਲਪੁਰਮ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਵੀ ਲਿਜਾਂਦਾ ਗਿਆ ਹੈ। ਇਹ ਖ਼ਬਰ ਲਿਖੇ ਜਾਣ ਤੱਕ 2,000 ਬਿਸਤਰਿਆਂ ਦਾ ਇੰਤਜ਼ਾਮ ਕਰ ਲਿਆ ਗਿਆ ਸੀ।
ਗੈਸ ਲੀਕੇਜ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਫ਼ਿਲਹਾਲ ਮੌਕੇ ’ਤੇ ਵਿਸ਼ਾਖਾਪਟਨਮ ਦੇ ਜ਼ਿਲ੍ਹਾ ਅਧਿਕਾਰੀ ਮੌਕੇ ’ਤੇ ਪੁੱਜ ਗਏ ਹਨ। ਜਿਹੜੇ ਵਿਅਕਤੀਆਂ ਨੂੰ ਸਾਹ ਲੈਣ ਵਿੱਚ ਔਖ ਹੋ ਰਹੀ ਹੈ, ਉਨ੍ਹਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ।
ਮੌਕੇ ’ਤੇ ਐੱਨਡੀਆਰਐੱਫ਼ ਅਤੇ ਐੱਸੀਡਆਰਐੱਫ਼ ਦੀਆਂ ਟੀਮਾਂ ਵੀ ਲਾਈਆਂ ਗਈਆਂ ਹਨ ਅਤੇ ਪਿੰਡਾਂ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀ ਲੋਕਾਂ ਨੂੰ ਘਰਾਂ ਅੰਦਰੋਂ ਬਾਹਰ ਨਿੱਕਲਣ ਦੀ ਅਪੀਲ ਕਰ ਰਹੇ ਹਨ ਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾ ਰਹੇ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਨਾ ਜਾਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।
ਐੱਲਜੀ ਪੌਲੀਮਰਜ਼ ਇੰਡਸਟ੍ਰੀ ਦੀ ਸਥਾਪਨਾ 1961 ’ਚ ਹਿੰਦੁਸਤਾਨ ਪੌਲੀਮਰਜ਼ ਦੇ ਨਾਂਅ ਨਾਲ ਹੋਈ ਸੀ। ਇਹ ਕੰਪਨੀ ਪੌਲੀਸਟਾਈਰੇਨੀ ਤੇ ਇਸ ਦੇ ਕੋ–ਪੌਲੀਮਰਜ਼ ਦਾ ਨਿਰਮਾਣ ਕਰਦੀ ਹੈ। ਸਾਲ 1978 ’ਚ ਯੂਬੀ ਗਰੁੱਪ ਦੀ ਮੈਕਡਾਵਲ ਐਂਡ ਕੰਪਨੀ ਲਿਮਿਟੇਡ ਵਿੱਚ ਹਿੰਦੁਸਤਾਨ ਪੌਲੀਮਰਜ਼ ਨੂੰ ਸ਼ਾਮਲ ਕਰ ਲਿਆ ਗਿਆ ਸੀ; ਤੇ ਫਿਰ ਇਹ ਐਲਜੀ ਪੌਲੀਮਰਜ਼ ਇੰਡਸਟ੍ਰੀ ਬਣ ਗਈ ਸੀ।