ਜੰਮੂ–ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸਨਿੱਚਰਵਾਰ ਸਵੇਰੇ ਇੱਕ ਕਾਰਵਾਈ ਦੌਰਾਨ ਸੁਰੱਖਿਆ ਬਲਾਂ ਨੇ ਹਿ਼ਜਬੁਲ ਮੁਜਾਹਿਦੀਨ ਦੇ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਨ੍ਹਾਂ ਵਿੱਚ ਉਹ ਅੱਤਵਾਦੀ ਵੀ ਸ਼ਾਮਲ ਸੀ, ਜਿਸ ਨੇ ਫ਼ੌਜੀ ਜਵਾਨ ਔਰੰਗਜ਼ੇਬ ਦਾ ਕਤਲ ਕੀਤਾ ਸੀ। ਉਸ ਕਤਲ ਦੀ ਮੀਡੀਆ ਵਿੱਚ ਡਾਢੀ ਚਰਚਾ ਹੋਈ ਸੀ।
ਪੁਲਿਸ ਦੇ ਬੁਲਾਰੇ ਅਨੁਸਾਰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅਵਾਂਤੀਪੁਰਾ ਦੇ ਪੰਜਗਾਮ ਇਲਾਕੇ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਪੱਕੀ ਖ਼ੁਫ਼ੀਆ ਜਾਣਕਾਰੀ ਦੇ ਆਧਾਰ ਉੱਤੇ ਸੁਰੱਖਿਆ ਬਲਾਂ ਨੇ ਅੱਜ ਸਨਿੱਚਰਵਾਰ ਤੜਕੇ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਵਿੱਢੀ ਸੀ।
ਇਸੇ ਮੁਹਿੰਮ ਦੌਰਾਨ ਇੰਕ ਥਾਂ ਲੁਕੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦਾ ਜਵਾਨਾਂ ਨੇ ਬਾਕਾਇਦਾ ਜਵਾਬ ਵੀ ਦਿੱਤਾ। ਇਸੇ ਦੌਰਾਨ ਜਵਾਨਾਂ ਨੇ ਤਿੰਨ ਅੱਤਵਾਦੀ ਮਾਰ ਮੁਕਾਏ। ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਤੇ ਮੌਕੇ ਤੋਂ ਹਥਿਆਰ ਵੀ ਜ਼ਬਤ ਕੀਤੇ ਗਏ ਹਨ।
ਬੁਲਾਰੇ ਮੁਤਾਬਕ ਮ੍ਰਿਤਕ ਅੱਤਵਾਦੀਆਂ ਦੀ ਸ਼ਨਾਖ਼ਤ ਅਵੰਤੀਪੁਰਾ ਸਥਿਤ ਪੰਜਗਾਮ ਦੇ ਸ਼ੌਕਤ ਡਾਰ, ਸੋਪੋਰ ਦੇ ਵਦੂਰਾ ਪਾਈਨ ਵਾਸੀ ਇਰਫ਼ਾਨ ਵਾਰ ਤੇ ਪੁਲਵਾਮਾ ’ਚ ਤਹਾਬ ਦੇ ਮੁਜ਼ੱਫ਼ਰ ਸ਼ੇਖ ਵਜੋਂ ਹੋਈ ਹੈ।
ਪੁਲਿਸ ਬੁਲਾਰੇ ਮੁਤਾਬਕ – ‘ਡਾਰ ਸਾਲ 2018 ’ਚ ਫ਼ੌਜੀ ਜਵਾਨ ਔਰੰਗਜ਼ੇਬ ਦੇ ਕਤਲ ਤੇ ਪੁਲਿਸ ਮੁਲਾਜ਼ਮ ਆਕਿਬ ਅਹਿਮਦ ਵਾਗੇ ਦੇ ਕਤਲਾਂ ਨੂੰ ਅੰਜਾਮ ਦੇਣ ਵਾਲੀ ਟੋਲੀ ਵਿੱਚ ਸ਼ਾਮਲ ਸੀ। ਉਸ ਵਿਰੁੱਧ ਅੱਤਵਾਦ ਦੇ ਕਈ ਮਾਮਲੇ ਦਰਜ ਸਨ।