ਉੱਤਰ ਪ੍ਰਦੇਸ਼ (UP) ਦੇ ਸੋਨਭੱਦਰ ਸ਼ਹਿਰ ’ਚ ਜ਼ਮੀਨ ਹੇਠਾਂ 3,000 ਟਨ (30 ਲੱਖ ਕਿਲੋਗ੍ਰਾਮ) ਸੋਨਾ ਦੱਬਿਆ ਪਿਆ ਹੈ। ਸੂਬੇ ਦੇ ਖਣਿਜ ਵਿਭਾਗ ਨੇ ਇਸ ਖ਼ਜ਼ਾਨੇ ਦਾ ਪਤਾ ਲਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਛੇਤੀ ਹੀ ਸੋਨਾ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਬੀਤੇ 15 ਸਾਲਾਂ ਤੋਂ ਜਿਓਲੌਜੀਕਲ ਸਰਵੇ ਆੱਫ਼ ਇੰਡੀਆ ਦੀ ਟੀਮ ਸੋਨਭੱਦਰ ’ਚ ਕੰਮ ਕਰ ਰਹੀ ਸੀ।
8 ਸਾਲ ਪਹਿਲਾਂ ਟੀਮ ਨੇ ਜ਼ਮੀਨ ਦੇ ਹੇਠਾਂ ਸੋਨੇ ਦਾ ਖ਼ਜ਼ਾਨਾ ਹੋਣ ਦੀ ਪੁਸ਼ਟੀ ਕਰ ਦਿੱਤੀ ਸੀ। ਹੁਣ ਉੱਤਰ ਪ੍ਰਦੇਸ਼ ਸਰਕਾਰ ਨੇ ਸੋਨਾ ਵੇਚਣ ਲਈ ਈ–ਨੀਲਾਮੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਸਰਕਾਰੀ ਟੀਮ ਮੁਤਾਬਕ ਸੋਨਭੱਦਰ ਦੀਆਂ ਪਹਾੜੀਆਂ ’ਚ ਸੋਨੇ ਭੰਡਾਰ ਹੋਣ ਦੇ ਸਬੂਤ ਮਿਲੇ ਹਨ। ਹਰਦੀ ਇਲਾਕੇ ’ਚ 646.15 ਕਿਲੋਗ੍ਰਾਮ ਅਤੇ ਸੋਨ ਪਹਾੜੀ ’ਚ 2943.25 ਟਨ ਸੋਨਾ ਹੋਣ ਦੀ ਗੱਲ ਆਖੀ ਜਾ ਰਹੀ ਹੈ।
ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ ਈ–ਟੈਂਡਿਰਿੰਗ ਰਾਹੀਂ ਬਲਾਕਾਂ ਦੀ ਨੀਲਾਮੀ ਵਾਸਤੇ ਸੱਤ–ਮੈਂਬਰੀ ਟੀਮ ਬਣਾਈ ਹੈ। ਇਹ ਟੀਮ ਸਮੁੱਚੇ ਇਲਾਕੇ ਦੀ ਜਿਓ–ਟੈਗਿੰਗ ਕਰੇਗੀ ਤੇ 22 ਫ਼ਰਵਰੀ ਤੱਕ ਆਪਣੀ ਰਿਪੋਰਟ ਸੌਂਪੇਗੀ।
ਸਰਵੇ ਕਰ ਰਹੀ ਟੀਮ ਨੂੰ ਸੋਨਭੱਦਰ ’ਚ ਸੋਨੇ ਦੇ ਭੰਡਾਰ ਦੇ ਨਾਲ ਹੀ ਜ਼ਿਲ੍ਹੇ ਦੇ ਫੁਲਵਾਰ ਖੇਤਰ ਦੇ ਸਲੈਯਾਡੀਹ ’ਚ ਐਡਾਲੁਸਾਈਟ, ਪਟਵਧ ਖੇਤਰ ’ਚ ਪੋਟਾਸ਼, ਭਰਹਰੀ ’ਚ ਲੋਹਾ ਤੇ ਛਪੀਆ ਬਲਾਕ ’ਚ ਸਿਲੀਮੈਨਾਈਟ ਦੇ ਭੰਡਾਰ ਵੀ ਮਿਲੇ ਹਨ।
ਇਸ ਤੋਂ ਇਲਾਵਾ ਸੋਨਭੱਦਰ ਜ਼ਿਲ੍ਹੇ ’ਚ ਯੂਰੇਨੀਅਮ ਦਾ ਭੰਡਾਰ ਹੋਣ ਦੀ ਵੀ ਸੰਭਾਵਨਾ ਹੈ।