ਗੁਜਰਾਤ ਦੇ ਅਹਿਮਦਾਬਾਦ 'ਚ ਅੱਜ ਕੋਰੋਨਾ ਵਾਇਰਸ ਬੰਬ ਫਟਿਆ ਹੈ। ਇੱਥੇ ਇੱਕ ਦਿਨ 'ਚ 334 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲੇ ਹਨ। ਇਸ ਕਾਰਨ ਅਹਿਮਦਾਬਾਦ 'ਚ 15 ਮਈ ਤਕ ਕਰਿਆਨੇ ਤੇ ਸਬਜ਼ੀਆਂ ਦੀਆਂ ਦੁਕਾਨਾਂ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਸੂਬਾ ਸਰਕਾਰ ਦੇ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ।
ਗੁਜਰਾਤ 'ਚ ਐਤਵਾਰ ਸ਼ਾਮ ਤਕ ਕੋਰੋਨਾ ਵਾਇਰਸ ਦੀ ਲਾਗ ਦੇ 7796 ਮਾਮਲੇ ਸਾਹਮਣੇ ਆਏ ਹਨ, ਜਦਕਿ ਇਸ ਬਿਮਾਰੀ ਕਾਰਨ 472 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਇਕੱਲੇ ਅਹਿਮਦਾਬਾਦ 'ਚ 5540 ਮਾਮਲੇ ਸਾਹਮਣੇ ਆਏ ਹਨ ਅਤੇ 363 ਲੋਕਾਂ ਦੀ ਮੌਤ ਹੋਈ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸ਼ਹਿਰ 'ਚ ਲਗਭਗ 14000 ਲੋਕ ਹਨ, ਜਿਨ੍ਹਾਂ ਨੂੰ ਸੰਕਰਮਣ ਦਾ ਖ਼ਤਰਾ ਹੈ ਅਤੇ ਅਗਲੇ ਤਿੰਨ ਦਿਨਾਂ ਵਿੱਚ ਇਨ੍ਹਾਂ ਸਾਰਿਆਂ ਦੀ ਜਾਂਚ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਦੀ ਮੁਹਿੰਮ ਸ਼ਹਿਰ ਦੇ ਉਪ ਨਗਰੀ ਇਲਾਕੇ ਅਤੇ ਪੇਂਡੂ ਖੇਤਰਾਂ 'ਚ ਵੀ ਚਲਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅਹਿਮਦਾਬਾਦ ਮਿਊਂਸਿਪਲ ਕਾਰਪੋਰੇਸ਼ਨ ਨੇ ਸਰਗਰਮ ਨਿਗਰਾਨੀ ਅਧੀਨ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਤਕ 3817 ਲੋਕਾਂ ਦੇ ਸੈਂਪਲ ਇਕੱਤਰ ਕੀਤੇ ਹਨ, ਜਿਨ੍ਹਾਂ ਵਿੱਚੋਂ 334 ਨੂੰ ਕੋਰਾਨਾ ਵਾਇਰਸ ਦੀ ਲਾਗ ਹੋਣ ਦੀ ਪੁਸ਼ਟੀ ਹੋਚੁੱਕੀ ਹੈ। ਉਨ੍ਹਾਂ ਕਿਹਾ ਕਿ ਸਨਿੱਚਰਵਾਰ ਨੂੰ ਵੇਜਾਲਪੁਰ ਇਲਾਕੇ 'ਚ ਇੱਕ ਕਰਿਆਨੇ ਦਾ ਕਾਰੋਬਾਰੀ ਸੰਕਰਮਿਤ ਹੋਣ ਤੋਂ ਬਾਅਦ ਪਿਛਲੇ 15 ਦਿਨਾਂ ਤੋਂ ਉਸ ਦੁਕਾਨ ਤੋਂ ਖਰੀਦਦਾਰੀ ਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਘਰ ਵਿੱਚ ਆਈਸੋਲੇਸ਼ਨ 'ਚ ਰਹਿਣ ਲਈ ਕਿਹਾ ਗਿਆ ਹੈ।
ਅਹਿਮਦਾਬਾਦ ਸ਼ਹਿਰ ਦੇ ਬਾਹਰੀ ਇਲਾਕੇ ਢੋਲਕਾ ਸ਼ਹਿਰ 'ਚ ਵੀ ਇੱਕ ਤਰਬੂਜ਼ ਵੇਚਣ ਵਾਲੇ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਦੇ ਸੰਪਰਕ 'ਚ ਆਏ 96 ਲੋਕਾਂ ਨੂੰ ਆਈਸੋਲੇਸ਼ਨ 'ਚ ਰਹਿਣ ਲਈ ਕਿਹਾ ਗਿਆ ਹੈ। ਇਨ੍ਹਾਂ 'ਚ ਪਰਿਵਾਰ ਦੇ ਮੈਂਬਰ, ਨਾਲ ਕੰਮ ਕਰਨ ਵਾਲੇ ਅਤੇ ਦੂਜੇ ਦੁਕਾਨਦਾਰ ਸ਼ਾਮਿਲ ਹਨ। ਇਨ੍ਹਾਂ 'ਚੋਂ 12 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ।