ਬਜਟ 'ਚ ਅਰਥਚਾਰੇ ਦੀ ਸੁਸਤੀ ਨੂੰ ਦੂਰ ਕਰਨ ਅਤੇ ਨੌਕਰੀਆਂ ਵਧਾਉਣ ਲਈ ਕੇਂਦਰ ਦੀ ਐਨਡੀਏ ਸਰਕਾਰ ਕੀ ਕੋਸ਼ਿਸ਼ ਕਰਦੀ ਹੈ, ਇਸ 'ਤੇ ਸਾਰਿਆਂ ਦੀਆਂ ਨਜ਼ਰਾਂ ਹਨ। ਹਿੰਦੀ ਅਖਬਾਰ ਦੈਨਿਕ ਭਾਸਕਰ ਦੀ ਰਿਪੋਰਟ ਅਨੁਸਾਰ ਦੇਸ਼ 'ਚ ਬੇਰੁਜ਼ਗਾਰੀ ਦੀ ਦਰ 7.1% ਦੇ ਉੱਚੇ ਪੱਧਰ ਤਕ ਪਹੁੰਚ ਗਈ ਹੈ। ਅਜਿਹੀ ਸਥਿਤੀ 'ਚ ਦੈਨਿਕ ਭਾਸਕਰ ਨੇ ਵੱਖ-ਵੱਖ ਸੈਕਟਰਾਂ, ਉਦਯੋਗ ਸੰਸਥਾਵਾਂ ਅਤੇ ਸਰਕਾਰੀ ਰਿਪੋਰਟਾਂ ਰਾਹੀਂ ਜਾਣਿਆ ਕਿ ਦੇਸ਼ 'ਚ ਨੌਕਰੀਆਂ ਦੀ ਕੀ ਸਥਿਤੀ ਹੈ।
ਰਿਸਰਚ 'ਚ ਸਾਹਮਣੇ ਆਇਆ ਹੈ ਕਿ ਦੇਸ਼ 'ਚ ਪਿਛਲੇ 5 ਸਾਲਾਂ 'ਚ 3.64 ਕਰੋੜ ਨੌਕਰੀਆਂ ਸਿਰਫ 7 ਵੱਡੇ ਸੈਕਟਰਾਂ 'ਚ ਚਲੀਆਂ ਗਈਆਂ ਹਨ। ਇਨ੍ਹਾਂ 'ਚ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਸ਼ਾਮਲ ਹਨ। ਇਨ੍ਹਾਂ 'ਚ ਸਭ ਤੋਂ ਵੱਧ ਨੌਕਰੀਆਂ ਟੈਕਸਟਾਈਲ ਸੈਕਟਰ ਦੀਆਂ ਹਨ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਸਰਕਾਰ ਦੇ ਯਤਨਾਂ ਅਤੇ ਜੀਡੀਪੀ ਵਾਧੇ ਦੀ ਉਮੀਦ ਦੇ ਵਿਚਕਾਰ ਅਗਲੇ ਪੰਜ ਸਾਲਾਂ ਵਿੱਚ ਲਗਭਗ 5.3 ਕਰੋੜ ਨਵੀਆਂ ਨੌਕਰੀਆਂ ਆਉਣਗੀਆਂ।
ਕਲੋਦਿੰਗ ਮੈਨੂਫੈਕਚਰਿੰਗ ਐਸੋਸੀਏਸ਼ਨ ਆਫ ਇੰਡੀਆ ਦੇ ਮੁੱਖ ਸਰਪ੍ਰਸਤ ਰਾਹੁਲ ਮਹਿਤਾ ਦਾ ਕਹਿਣਾ ਹੈ ਕਿ ਟੈਕਸਟਾਈਲ ਸੈਕਟਰ 'ਚ ਪਿਛਲੇ 5 ਸਾਲਾਂ ਵਿੱਚ ਵੱਖ-ਵੱਖ ਕਾਰਨਾਂ ਕਰਕੇ ਲਗਭਗ 3.5 ਕਰੋੜ ਲੋਕ ਬੇਰੁਜ਼ਗਾਰ ਹਨ। ਹਾਲਾਂਕਿ ਹੁਣ ਹਾਲਾਤ ਸੁਧਰ ਰਹੇ ਹਨ ਅਤੇ ਅਗਲੇ 5 ਸਾਲਾਂ 'ਚ ਇੰਨੇ ਹੀ ਹੋਰ ਨਵੇਂ ਰੁਜ਼ਗਾਰ ਆ ਜਾਣਗੇ। ਉੱਥੇ ਹੀ ਨੀਤੀ ਕਮਿਸ਼ਨ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਦੇਸ਼ 'ਚ ਨੌਕਰੀ ਗੁਆਉਣ ਜਿਹੀ ਕੋਈ ਗੱਲ ਨਹੀਂ ਹੈ। ਨਵੀਂ ਨੌਕਰੀਆਂ ਦੇ ਵਾਧੇ ਦੀ ਰਫਤਾਰ ਥੋੜੀ ਹੌਲੀ ਜ਼ਰੂਰ ਹੋਈ ਹੈ। ਕੇਂਦਰ ਸਰਕਾਰ ਨੇ ਬੁਨਿਆਦੀ ਢਾਂਚੇ 'ਤੇ ਖਰਚ ਵਧਾਇਆ ਹੈ। ਨਿਵੇਸ਼ ਵੀ ਵਧੇਗਾ। ਇਸ ਨਾਲ ਨੌਕਰੀਆਂ ਆਉਣਗੀਆਂ।
ਦੇਸ਼ ਦੀ ਪ੍ਰਮੁੱਖ ਨੌਕਰੀ ਮੁਹੱਈਆ ਕਰਵਾਉਣ ਵਾਲੀ ਕੰਪਨੀ ਟੀਮਲੀਜ਼ ਦੀ ਸਹਿ-ਸੰਸਥਾਪਕ ਰਿਤੂਪਰਨਾ ਚੱਕਰਵਰਤੀ ਨੇ ਕਿਹਾ ਕਿ ਦੇਸ਼ 'ਚ ਦੂਰਸੰਚਾਰ, ਆਟੋ, ਮੋਬਾਈਲ, ਇਨਫਰਾ, ਹੀਰੇ, ਗਹਿਣੇ ਅਤੇ ਨਿਰਮਾਣ ਖੇਤਰਾਂ 'ਚ ਕੁਝ ਨੌਕਰੀਆਂ ਜਰੂਰ ਘਟੀਆਂ ਹਨ ਪਰ ਇਹ ਦੱਸਣਾ ਮੁਸ਼ਕਲ ਹੈ ਕਿ ਕਿੰਨੀਆਂ ਘਟੀਆਂ ਹਨ।