ਭਾਰਤ ਦੀਆਂ ਖ਼ੁਫ਼ੀਆ ਏਜੰਸੀਆਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਗੁਜਰਾਤ ਦੇ ਕੱਛ ਤੋਂ 4 ਪਾਕਿਸਤਾਨੀ ਜਾਸੂਸਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਚਾਰਾਂ ਉੱਤੇ ਫ਼ੌਜੀ ਟਿਕਾਣਿਆਂ ਦੀ ਜਾਸੂਸੀ ਕਰਨ ਦੇ ਦੋਸ਼ ਹਨ। ਕਾਫ਼ੀ ਲੰਮੇ ਸਮੇਂ ਤੋਂ ਇਹ ਚਾਰੇ ਜਾਸੂਸ ਏਟੀਐੱਸ ਅਤੇ ਗੁਜਰਾਤ ਦੀ ਕੱਛ ਪੁਲਿਸ ਦੇ ਰਾਡਾਰ ’ਤੇ ਸਨ।
ਅੱਜ ਸਵੇਰੇ ਕੱਛ ਪੁਲਿਸ ਨੇ ਚਾਰੇ ਜਾਸੂਸਾਂ ਨੂੰ ਗ੍ਰਿਫ਼ਤਾਰ ਕਰ ਲਿਆ। ਫ਼ਿਲਹਾਲ ਚਾਰੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਉਨ੍ਹਾਂ ਬਾਰੇ ਸਾਰੀਆਂ ਜਾਣਕਾਰੀਆਂ ਹਾਸਲ ਕਰਨ ’ਚ ਲੱਗੀਆਂ ਹੋਈਆਂ ਹਨ।
ਸ਼ੁਰੂਆਤੀ ਜਾਣਕਾਰੀ ਮੁਤਾਬਕ 4 ਨੌਜਵਾਨਾਂ ਉੱਤੇ ਕੱਛ ਦੇ ਨਲੀਆ ਸਥਿਤ ਭਾਰਤੀ ਹਵਾਈ ਫ਼ੌਜ ਦੇ ਅੱਡੇ ਦੀ ਜਾਣਕਾਰੀ ਅਤੇ ਹਵਾਈ ਫ਼ੌਜ ਦੀਆਂ ਗਤੀਵਿਧੀਆਂ ਦੀਆਂ ਸਾਰੀਆਂ ਖ਼ਬਰਾਂ ਪਾਕਿਸਤਾਨ ਭੇਜਣ ਦਾ ਦੋਸ਼ ਹੈ।
ਕੱਛ ਪੁਲਿਸ ਦੀ ਇਨ੍ਹਾਂ ਚਾਰਾਂ ਉੱਤੇ ਪਿਛਲੇ ਕਾਫ਼ੀ ਸਮੇਂ ਤੋਂ ਚੌਕਸ ਨਜ਼ਰ ਸੀ। ਵੇਖਣ ਨੂੰ ਇਨ੍ਹਾਂ ਚਾਰ ਵਿੱਚੋਂ 3 ਮੁਲਜ਼ਮ ਨਾਬਾਲਗ਼ ਜਾਪ ਰਹੇ ਹਨ।
ਫ਼ੌਜ ਦੀਆਂ ਗੁਪਤ ਜਾਣਕਾਰੀਆਂ ਫ਼ੋਟੋਗ੍ਰਾਫ਼ੀ ਦੀ ਆੜ ਹੇਠ ਪਾਕਿਸਤਾਨ ਭੇਜੀਆਂ ਜਾ ਰਹੀਆਂ ਸਨ। ਇਹ ਚਾਰੇ ਕਥਿਤ ਪਾਕਿਸਤਾਨੀ ਜਾਸੂਸ ਏਅਰਬੇਸ ਦੇ ਆਲੇ–ਦੁਆਲੇ ਉੱਚੀਆਂ ਥਾਵਾਂ ’ਤੇ ਜਾ ਕੇ ਤਸਵੀਰਾਂ ਲੈਂਦੇ ਸਨ ਤੇ ਪਾਕਿਸਤਾਨ ਭੇਜਦੇ ਸਨ।
ਭਾਰਤੀ ਸੁਰੱਖਿਆ ਏਜੰਸੀਆਂ ਹੁਣ ਇਹ ਜਾਣਨ ਦਾ ਜਤਨ ਕਰ ਰਹੀਆਂ ਹਨ ਕਿ ਉਹ ਪਾਕਿਸਤਾਨ ’ਚ ਕਿਸ–ਕਿਸ ਦੇ ਸੰਪਰਕ ਵਿੱਚ ਸਨ।