ਬਿਹਾਰ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਨੂੰ ਲੂ ਨੇ ਕਹਿਰ ਢਾਹਿਆ ਹੈ। ਔਰੰਗਾਬਾਦ ਵਿੱਚ 27, ਗਯਾ ਵਿੱਚ 14 ਅਤੇ ਨਵਾਦਾ ਵਿੱਚ ਪੰਜ ਲੋਕਾਂ ਦੀ ਹੀਟ ਸਟ੍ਰੋਕ ਨਾਲ ਮੌਤ ਹੋ ਗਈ।
ਔਰੰਗਾਬਾਦ ਸਿਵਲ ਸਰਜਨ ਡਾ. ਸੁਰਿੰਦਰ ਪ੍ਰਸਾਦ ਸਿੰਘ ਨੇ 27 ਲੋਕਾਂ ਦੇ ਮੌਤ ਦੀ ਪੁਸ਼ਟੀ ਕੀਤੀ ਹੈ। ਉਥੇ ਗਯਾ ਦੇ ਡੀਐਮ ਨੇ ਲੂ ਨਾਲ 14 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸੂਬਾ ਸਰਕਾਰ ਨੇ ਲੂ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮਰਨ ਵਾਲੇ ਲੋਕਾਂ ਪ੍ਰਤੀ ਦੁਖ ਦਾ ਪ੍ਰਗਟਾਵਾ ਕੀਤਾ ਹੈ।
ਔਰੰਗਾਬਾਦ ਜ਼ਿਲ੍ਹੇ ਵਿੱਚ ਸ਼ਨਿੱਚਰਵਾਰ ਦੁਪਹਿਰ 12 ਵਜੇ ਤੋਂ ਮੌਤ ਦਾ ਸਿਲਸਿਲਾ ਸ਼ੁਰੂ ਹੋਇਆ। ਦੇਰ ਰਾਤ ਤੱਕ ਇੱਕ ਇੱਕ ਕਰ ਕੇ 27 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਪੀੜਤਾਂ ਨੂੰ ਤੇਜ਼ ਬੁਖ਼ਾਰ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਡੀਡੀਸੀ ਘਨਸ਼ਿਆਮ ਮੀਨਾ ਨੇ ਦੱਸਿਆ ਕਿ ਸਦਰ ਹਸਪਤਾਲ ਵਿੱਚ ਡਾਕਟਰਾਂ ਦੀ ਤੈਨਾਤੀ ਕੀਤੀ ਗਈ ਹੈ। ਹੀਟ ਸਟਰੋਕ ਨਾਲ ਪੀੜਤ ਕਈ ਲੋਕਾਂ ਦਾ ਸਦਰ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।
ਔਰੰਗਾਬਾਦ ਦੇ ਡਾਕਟਰਾਂ ਦਾ ਮੰਨਣਾ ਸੀ ਕਿ ਤਾਪਮਾਨਾਂ ਵਿੱਚ ਵਾਧਾ ਹੋਣ ਕਾਰਨ ਇਹ ਮੌਤਾਂ ਹੋਈਆਂ ਹਨ। ਜ਼ਿਆਦਾਤਰ ਲੋਕ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਪਹੁੰਚੇ ਸਨ ਅਤੇ ਉਨ੍ਹਾਂ ਨੂੰ ਬਚਾਉਣਾ ਨਾਮੁਮਕਿਨ ਸੀ।
ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀ ਨਬਜ਼ ਨਹੀਂ ਚੱਲ ਰਹੀ ਸੀ ਅਤੇ ਉਹ ਪਹੁੰਚਣ ਤੋਂ ਪਹਿਲਾਂ ਹੀ ਮਰੀਜ਼ ਦੀ ਮੌਤ ਹੋ ਗਈ ਸੀ। ਔਰੰਗਾਬਾਦ ਵਿੱਚ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।