ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰ ਜਤਿੰਦਰ (ਜਿਨ੍ਹਾਂ ਦਾ ਅਸਲ ਨਾਂਅ ਰਵੀ ਕਪੂਰ ਹਨ) ਵਿਰੁੱਧ ਦਰਜ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਦਾਇਰ ਐੱਫ਼ਆਈਆਰ ਰੱਦ ਕਰ ਦਿੱਤੀ ਹੈ। ਜੱਜ ਅਜੇ ਮੋਹਨ ਗੋਇਲ ਨੇ ਅਦਾਕਾਰ ਜਤਿੰਦਰ ਵੱਲੋਂ ਦਾਇਰ ਪਟੀਸ਼ਨ ਦੇ ਤੱਥਾਂ ਤੇ ਇਸ ਮਾਮਲੇ ਨਾਲ ਸਾਰੇ ਰਿਕਾਰਡਾਂ ਦੀ ਘੋਖ–ਪੜਤਾਲ਼ ਕਰਨ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ।
ਪਟੀਸ਼ਨ ਵਿੱਚ ਦਿੱਤੇ ਤੱਥਾਂ ਮੁਤਾਬਕ ਬੀਤੀ 16 ਫ਼ਰਵਰੀ ਨੂੰ ਸ਼ਿਮਲਾ ਦੇ ਇੱਕ ਥਾਣੇ ਵਿੱਚ ਭਾਰਤੀ ਦੰਡ ਸੰਘਤਾ ਦੀ ਧਾਰਾ 354 ਅਧੀਨ ਪਟੀਸ਼ਨਰ ਅਦਾਕਾਰ ਵਿਰੁੱਧ ਐੱਫ਼ਆਈਆਰ ਦਰਜ ਕੀਤੀ ਗਈ ਸੀ।
ਇਸ ਐੱਫ਼ਆਈਆਰ ਵਿੱਚ ਬਿਨੈਕਾਰ ਤੇ ਅਦਾਕਾਰ ਦੀ ਚਚੇਰੀ ਭੈਣ ਨੇ 47 ਸਾਲ ਪਹਿਲਾਂ ਵਾਪਰੀ ਘਟਨਾ ਨੂੰ ਲੈ ਕੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ। ਬਿਨੈਕਾਰ ਨੇ ਹਾਈ ਕੋਰਟ ਸਾਹਵੇਂ ਪਟੀਸ਼ਨ ਦਾਇਰ ਕਰ ਕੇ ਇਸ ਐੱਫ਼ਆਈਆਰ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਸੀ।
ਬਿਨੈਕਾਰ ਨੇ ਇਹ ਦਲੀਲ ਦਿੱਤੀ ਸੀ ਕਿ ਇਹ ਐੱਫ਼ਆਈਆਰ ਬਲੈਕਮੇਲ ਕਰਨ ਦੇ ਇਰਾਦੇ ਨਾਲ ਦਰਜ ਕੀਤੀ ਗਈ ਹੈ ਤੇ 47 ਸਾਲ ਪਹਿਲਾਂ ਵਾਪਰੀ ਘਟਨਾ ਲਈ ਹੁਣ ਐੱਫ਼ਆਈਆਰ ਦਾਇਰ ਕਰਨ ਵਿੱਚ ਇੰਨੀ ਦੇਰੀ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਸੀ।