ਗੁਰੂਗ੍ਰਾਮ ਦੇ ਬਿਲਾਸਪੁਰ ਥਾਣੇ ਅਧੀਨ ਵਾਪਰੀ ਇਸ ਘਟਨਾ ਵਿੱਚ ਇੱਕ ਸਬਜ਼ੀ ਦੇ ਟਰੱਕ ਨੇ ਐਤਵਾਰ ਦੁਪਹਿਰ ਨੂੰ ਸੜਕ ‘ਤੇ ਚੱਲ ਰਹੇ ਕੁਝ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ 6 ਲੋਕ ਗੰਭੀਰ ਜ਼ਖ਼ਮੀ ਹੋਏ ਹਨ।
ਜਾਣਕਾਰੀ ਦਿੰਦਿਆਂ ਬਿਲਾਸਪੁਰ ਥਾਣਾ ਮੁਖੀ ਜੈ ਪ੍ਰਕਾਸ਼ ਯਾਦਵ ਨੇ ਦੱਸਿਆ ਕਿ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਦਸੇ ਤੋਂ ਬਾਅਦ ਟਰੱਕ ਨੂੰ ਕਾਬੂ ਕਰ ਲਿਆ ਹੈ। ਘਟਨਾ ਦੀ ਜਾਂਚ ਜਾਰੀ ਹੈ।
गुरूग्राम में सब्जी के एक ट्रक ने कुछ लोगों को कुचल दिया। इस दुर्घटना में 5 लोगों की मौत हो गई और 6 लोग घायल हुए हैं: जय प्रकाश यादव, SHO, बिलासपुर पुलिस स्टेशन, गुरूग्राम pic.twitter.com/3wJU82mRku
— ANI_HindiNews (@AHindinews) March 29, 2020
ਫ਼ਰੀਦਾਬਾਦ: ਨੈਸ਼ਨਲ ਹਾਈਵੇ 'ਤੇ ਮਜ਼ਦੂਰਾਂ ਨਾਲ ਭਰਿਆ ਟਰੱਕ ਪਲਟਿਆ, ਪੰਜ ਜ਼ਖ਼ਮੀ
ਉਥੇ, ਐਤਵਾਰ ਦੁਪਹਿਰ ਨੂੰ ਫ਼ਰੀਦਾਬਾਦ ਜ਼ਿਲ੍ਹੇ ਦੇ ਨੈਸ਼ਨਲ ਹਾਈਵੇਅ 'ਤੇ ਪੁਰਾਣੇ ਮੈਟਰੋ ਸਟੇਸ਼ਨ ਨੇੜੇ ਮਜ਼ਦੂਰਾਂ ਨਾਲ ਭਰਿਆ ਇੱਕ ਟੈਂਪੂ ਪਲਟ ਜਾਣ ਨਾਲ ਪੰਜ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਇਹ ਸਾਰੇ ਲੋਕ ਦਿੱਲੀ ਦੇ ਬਦਰਪੁਰ ਸਰਹੱਦ ਤੋਂ ਪਲਵਲ ਜਾਣ ਲਈ ਟੈਂਪੂ ਵਿੱਚ ਬੈਠੇ ਸਨ। ਇਹ ਲੋਕ ਮੱਧ ਪ੍ਰਦੇਸ਼ ਦੇ ਪਨਾ ਕਸਬੇ ਜਾ ਰਹੇ ਸਨ। ਇਹ ਜ਼ਖ਼ਮੀ ਮਜ਼ਦੂਰ ਦਿੱਲੀ ਦੇ ਆਨੰਦ ਵਿਹਾਰ ਨੇੜੇ ਕਿਸਾਨ ਚੌਂਕ ਵਿਖੇ ਕੰਮ ਕਰਦੇ ਸਨ। ਘਟਨਾ ਦੇ ਸਮੇਂ ਟੈਂਪੂ ਵਿੱਚ 22 ਲੋਕ ਸਵਾਰ ਸਨ।
ਹਰਿਆਣੇ 'ਚ ਨਾਕਾਬੰਦੀ ਕਰਕੇ ਰੋਕਿਆ ਜਾਵੇਗਾ ਪਲਾਇਨ
ਕੋਰੋਨਾ ਤਾਲਾਬੰਦੀ ਕਾਰਨ ਕੰਮ ਬੰਦ ਹੋਣ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਰਾਜਾਂ ਵਿੱਚ ਲਿਜਾਣ ਦਾ ਕੰਮ ਕਰੇਗੀ। ਇਹ ਉਹ ਕਾਮੇ ਹਨ ਜਿਹੜੇ ਹਰਿਆਣੇ ਵਿੱਚ ਨੌਕਰੀ ਕਰਦੇ ਸਨ ਅਤੇ ਹੁਣ ਆਪਣੇ-ਆਪਣੇ ਸੂਬਿਆਂ ਲਈ ਪੈਦਲ ਹੀ ਨਿਕਲ ਗਏ ਹਨ। ਸੜਕਾਂ 'ਤੇ ਨਿਕਲੇ ਇਨ੍ਹਾਂ ਮਜ਼ਦੂਰਾਂ ਨੂੰ ਸਰਕਾਰ ਵਾਪਸ ਆਉਣ ਲਈ ਪ੍ਰੇਰਿਤ ਕਰੇਗੀ ਅਤੇ ਉਨ੍ਹਾਂ ਨੂੰ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਾਏ ਗਏ ਕੈਂਪਾਂ ਵਿੱਚ ਸੁਰੱਖਿਅਤ ਰੱਖਿਆ ਜਾਵੇਗਾ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਤਾਲਾਬੰਦੀ ਦੀ ਮਿਆਦ ਦੌਰਾਨ ਪ੍ਰਵਾਸੀ ਮਜ਼ਦੂਰਾਂ ਲਈ ਜ਼ਿਲ੍ਹਿਆਂ ਵਿੱਚ ਸੁਰੱਖਿਅਤ ਕੈਂਪ ਬਣਾ ਕੇ ਇਨ੍ਹਾਂ ਦੇ ਠਹਿਰਨ ਅਤੇ ਭੋਜਨ ਦੀ ਵਿਵਸਥਾ ਕੀਤੀ ਜਾਵੇ।