ਗੁਜਰਾਤ ਦੇ ਸ਼ਹਿਰ ਵਡੋਦਰਾ ’ਚ ਇੱਕ ਫ਼ੈਕਟਰੀ ਅੰਦਰ ਹੋਏ ਧਮਾਕੇ ਕਾਰਨ ਪੰਜ ਵਿਅਕਤੀ ਮਾਰੇ ਗਏ ਹਨ ਤੇ 10 ਹੋਰ ਜ਼ਖ਼ਮੀ ਹੋ ਗਏ ਹਨ। ਜਿਸ ਫ਼ੈਕਟਰੀ ’ਚ ਧਮਾਕਾ ਹੋਇਆ ਹੈ; ਉਸ ਦਾ ਨਾਂਅ ਏਮਸ ਆਕਸੀਜਨ ਕੰਪਨੀ ਹੈ।
ਇਸ ਧਮਾਕੇ ’ਚ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਚਸ਼ਮਦੀਦ ਗਵਾਹਾਂ ਮੁਤਾਬਕ ਇਹ ਧਮਾਕਾ ਬਹੁਤ ਜ਼ਬਰਦਸਤ ਸੀ; ਇਸ ਲਈ ਮਰਨ ਵਾਲਿਆਂ ਦੀ ਗਿਣਤੀ ’ਚ ਵਾਧਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਹ ਵੀ ਦੱਸਿਆ ਗਿਆ ਹੈ ਕਿ ਪਹਿਲਾਂ ਫ਼ੈਕਟਰੀ ’ਚ ਅੱਗ ਲੱਗੀ ਤੇ ਧਮਾਕਾ ਬਾਅਦ ’ਚ ਹੋਇਆ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਰਾਹਤ ਤੇ ਬਚਾਅ ਕਾਰਜਾਂ ਲਈ ਪੁਲਿਸ ਤੇ ਫ਼ਾਇਰ ਬ੍ਰਿਗੇਡ ਵਿਭਾਗ ਮੌਕੇ ’ਤੇ ਪੁੱਜ ਗਿਆ ਹੈ ਪਰ ਕੰਪਨੀ ਦੇ ਪ੍ਰਬੰਧਕਾਂ ਤੇ ਹੋਰ ਉੱਚ ਅਧਿਕਾਰੀਆਂ ’ਚੋਂ ਹਾਲੇ ਕੋਈ ਨਹੀਂ ਪੁੱਜਾ ਸੀ।
ਫ਼ੈਕਟਰੀ ’ਚ ਹਾਲੇ ਹੋਰ ਵੀ ਕਾਮੇ ਫਸੇ ਹੋ ਸਕਦੇ ਹਨ; ਜਿਨ੍ਹਾਂ ਨੂੰ ਬਾਹਰ ਕੱਢਣ ਲਈ ਫ਼ਾਇਰ ਬ੍ਰਿਗੇਡ ਤੇ ਪੁਲਿਸ ਮੁਲਾਜ਼ਮਾਂ ਦੇ ਜਤਨ ਜਾਰੀ ਹਨ।
ਪੁਲਿਸ ਮੁਤਾਬਕ ਆਕਸੀਜਨ ਦਾ ਸਿਲੰਡਰ ਭਰਦੇ ਸਮੇਂ ਅਚਾਨਕ ਧਮਾਕਾ ਹੋਇਆ। ਉਸ ਵੇਲੇ ਫ਼ੈਕਟਰੀ ’ਚ ਕਾਫ਼ੀ ਗਿਣਤੀ ’ਚ ਕਾਮੇ ਕੰਮ ਕਰ ਰਹੇ ਸਨ।
ਇਸ ਧਮਾਕੇ ਦੀ ਲਪੇਟ ’ਚ ਕੁੱਲ 20 ਮਜ਼ਦੂਰ ਆ ਗਏ ਹਨ; ਜਿਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ। 10 ਜਣੇ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ।