ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ 'ਚ ਸਨਿੱਚਰਵਾਰ ਦੇਰ ਰਾਤ ਤੇਜ਼ਧਾਰ ਹਥਿਆਰ ਨਾਲ ਇੱਕ ਪਰਿਵਾਰ ਦੇ 5 ਲੋਕਾਂ ਦੀ ਹੱਤਿਆ ਦੀ ਖੌਫਨਾਕ ਘਟਨਾ ਸਾਹਮਣੇ ਆਈ ਹੈ। ਮਾਮਲਾ ਸੋਰਾਂਵ ਥਾਣਾ ਸਥਿਤ ਯੂਸੁਫਪੁਰ ਪਿੰਡ ਦਾ ਹੈ। ਮ੍ਰਿਤਕਾਂ 'ਚ ਇੱਕ ਔਰਤ, ਦੋ ਬੱਚੇ ਅਤੇ ਦੋ ਮਰਦ ਸ਼ਾਮਿਲ ਹਨ। ਐਤਵਾਰ ਸਵੇਰੇ ਗੁਆਂਢੀਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਮਿਲੀ ਜਾਣਕਾਰੀ ਮੁਤਾਬਕ ਇਹ ਵਾਰਦਾਤ ਸਨਿੱਚਰਵਾਰ ਦੇਰ ਰਾਤ ਵਾਪਰੀ ਹੈ। ਜਾਣਕਾਰੀ ਮਿਲਦਿਆਂ ਹੀ ਐਸ.ਐਸ.ਪੀ ਸਮੇਤ ਭਾਰੀ ਪੁਲਿਸ ਬਲ ਮੌਕੇ 'ਤੇ ਪਹੁੰਚੇ। ਪੁਲਿਸ ਨੇ ਦੱਸਿਆ ਹੈ ਕਿ ਹੁਣ ਤੱਕ ਜਾਂਚ 'ਚ ਆਪਸੀ ਰੰਜ਼ਿਸ਼ ਕਾਰਨ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ ਅਤੇ ਅਸਲੀ ਕਾਰਨ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।
ਮ੍ਰਿਤਕਾਂ 'ਚ ਯੂਸੁਫਪੁਰ ਵਾਸੀ ਵਿਜੇ ਸ਼ੰਕਰ ਤਿਵਾਰੀ (58), ਬੇਟਾ ਸੋਨੂੰ ਤਿਵਾਰੀ (32), ਨੂੰਹ ਸੋਨੀ ਤਿਵਾਰੀ (28) ਅਤੇ ਦੋ ਪੋਤੇ ਕਾਨਹਾ (7) ਤੇ ਕੁੰਜ (3) ਸ਼ਾਮਿਲ ਹਨ। ਅਣਪਛਾਤੇ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਨ੍ਹਾਂ ਦੀ ਹੱਤਿਆ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਘਰ ਦਾ ਮੁੱਖ ਦਰਵਾਜਾ ਬੰਦ ਹੈ। ਕਾਤਲ ਪਿੱਛੇ ਵਾਲੇ ਗੇਟ ਤੋਂ ਅੰਦਰ ਦਾਖਲ ਹੋਏ ਸਨ।