Assembly Bypolls 2019 [ Vidhan Sabha Poll Results 2019 ] : ਭਾਰਤ ਦੇ 18 ਰਾਜਾਂ ਦੀਆਂ 51 ਵਿਧਾਨ ਸਭਾ ਤੇ ਦੋ ਲੋਕ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਅੱਜ ਵੀਰਵਾਰ ਨੂੰ ਹੋ ਰਹੀ ਹੈ। ਇਨ੍ਹਾਂ ਸੀਟਾਂ ਵਿੱਚੋਂ ਲਗਭਗ 30 ਸੀਟਾਂ ਭਾਜਪਾ ਤੇ ਉਸ ਦੇ ਸਹਿਯੋਗੀਆਂ ਕੋਲ ਹਨ ਜਦ ਕਿ 12 ਸੀਟਾਂ ਕਾਂਗਰਸ ਤੇ ਬਾਕੀ ਹੋਰ ਖੇਤਰੀ ਪਾਰਟੀਆਂ ਕੋਲ ਹਨ।
ਅੱਜ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ – ਦਾਖਾ, ਫ਼ਗਵਾੜਾ (SC), ਮੁਕੇਰੀਆਂ, ਜਲਾਲਾਬਾਦ – ਲਈ ਜ਼ਿਮਨੀ ਚੋਣ ਨਤੀਜੇ ਵੀ ਆਉਣੇ ਹਨ। ਜੇ ਇਨ੍ਹਾਂ ਜ਼ਿਮਨੀ ਚੋਣਾਂ ’ਚ ਕਾਂਗਰਸ ਦੇ ਉਮੀਦਵਾਰ ਚੋਣ ਜਿੱਤਦੇ ਹਨ, ਤਾਂ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਉੱਤੇ ਮੋਹਰ ਹੋਵੇਗਾ। ਜੇ ਇਸ ਤੋਂ ਉਲਟ ਨਤੀਜੇ ਆਉਂਦੇ ਹਨ, ਤਾਂ ਯਕੀਨੀ ਤੌਰ ਉੱਤੇ ਉਨ੍ਹਾਂ ਨਤੀਜਿਆਂ ਤੋਂ ਜਨਤਾ ਆਪਣੇ ਹਿਸਾਬ ਨਾਲ ਮਤਲਬ ਕੱਢੇਗੀ।
ਇਹ ਜ਼ਿਮਨੀ ਚੋਣਾਂ ਸਿਆਸੀ ਪਾਰਟੀਆਂ ਲਈ ਵੱਕਾਰ ਦੀ ਜੰਗ ਬਣੀਆਂ ਹੋਈਆਂ ਹਨ ਕਿਉਂਕਿ ਇਹ ਨਤੀਜੇ ਵਿਧਾਨ ਸਭਾ ਦੇ ਗਣਿਤ ਨੂੰ ਅੰਸ਼ਕ ਤੌਰ ’ਤੇ ਹੀ ਬਦਲ ਸਕਣਗੇ। ਪੰਜਾਬ ਵਿੱਚ ਤਾਂ ਇਨ੍ਹਾਂ ਜ਼ਿਮਨੀ ਵਿਧਾਨ ਸਭਾ ਚੋਣ ਨਤੀਜਿਆਂ ਦਾ ਕਿਸੇ ’ਤੇ ਕੋਈ ਅਸਰ ਨਹੀਂ ਪੈਣਾ।
ਲੰਘੇ ਸੋਮਵਾਰ ਨੂੰ ਹੋਈਆਂ ਜ਼ਿਮਨੀ ਚੋਣਾਂ ’ਚ ਕੁੱਲ ਔਸਤਨ 57 ਫ਼ੀ ਸਦੀ ਵੋਟਾਂ ਪਈਆਂ ਸਨ।
ਸਭ ਤੋਂ ਵੱਧ ਉੱਤਰ ਪ੍ਰਦੇਸ਼ ਦੀਆਂ 11 ਸੀਟਾਂ ਲਈ ਜ਼ਿਮਨੀ ਚੋਣ ਹੋਈ ਸੀ। ਉੱਥੇ ਇਸ ਤੋਂ ਬਾਅਦ ਗੁਜਰਾਤ ’ਚ ਛੇ, ਬਿਹਾਰ ’ਚ ਪੰਜ, ਆਸਾਮ ’ਚ ਚਾਰ, ਹਿਮਾਚਲ ਪ੍ਰਦੇਸ਼ ਵਿੱਚ ਦੋ ਤੇ ਤਾਮਿਲ ਨਾਡੂ ’ਚ ਦੋ ਸੀਟਾਂ ਉੱਤੇ ਵੀ ਜ਼ਿਮਨੀ ਚੋਣਾਂ ਹੋਈਆਂ ਸਨ।
ਇਸ ਦੇ ਨਾਲ ਹੀ ਬੀਤੀ 21 ਅਕਤੂਬਰ ਨੂੰ ਦੋ ਲੋਕ ਸਭਾ ਸੀਟਾਂ ਲਈ ਵੀ ਜ਼ਿਮਨੀ ਚੋਣ ਹੋਈ ਸੀ; ਉਨ੍ਹਾਂ ਵਿੱਚ ਇੱਕ ਮਹਾਰਾਸ਼ਟਰ ਦੀ ਸਤਾਰਾ ਲੋਕ ਸਭਾ ਸੀਟ ਤੇ ਦੂਜੀ ਬਿਹਾਰ ਦੀ ਸਮੱਸਤੀਪੁਰ ਲੋਕ ਸੀਟ ਹੈ। ਇਹ ਸੀਟਾਂ ਕ੍ਰਮਵਾਰ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਅਤੇ ਲੋਕ ਜਨ–ਸ਼ਕਤੀ ਪਾਰਟੀ (LJP) ਕੋਲ ਸਨ।
ਸਿਆਸੀ ਪੱਖੋਂ ਅਹਿਮ ਉੱਤਰ ਪ੍ਰਦੇਸ਼ ਵਿੱਚ ਜ਼ਿਮਨੀ ਚੋਣਾਂ ਇੱਕ ਤਰ੍ਹਾਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲਈ ਪ੍ਰੀਖਿਆ ਵਾਂਗ ਹਨ। ਭਾਜਪਾ ਕੋਲ ਇੱਥੇ ਕੁੱਲ 403 ਵਿਧਾਨ ਸਭਾ ਸੀਟਾਂ ਵਿੱਚੋਂ 302 ਹਨ। ਇੱਥੇ 11 ਸੀਟਾਂ ਲਈ ਭਾਜਪਾ (BJP), ਬਹੁਜਨ ਸਮਾਜ ਪਾਰਟੀ (ਬਸਪਾ - BSP), ਸਮਾਜਵਾਦੀ ਪਾਰਟੀ (SP) ਅਤੇ ਕਾਂਗਰਸ ਵਿਚਾਲੇ ਚੌਤਰਫ਼ਾ ਮੁਕਾਬਲਾ ਹੈ।
ਇਨ੍ਹਾਂ ਸੀਟਾਂ ਵਿੱਚੋਂ ਅੱਠ ਸੀਟਾਂ ਪਹਿਲਾਂ ਭਾਜਪਾ ਕੋਲ ਸਨ। ਇੱਕ ਸੀਟ ਉਸ ਦੀ ਸਹਿਯੋਗੀ ਪਾਰਟੀ ‘ਅਪਨਾ ਦਲ (ਸੋਨੇਲਾਲ)’ ਕੋਲ ਸੀ। ਰਾਮਪੁਰ ਤੇ ਜਲਾਲਪੁਰ (ਅੰਬੇਡਕਰਨਗਰ) ਕ੍ਰਮਵਾਰ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਕੋਲ ਸਨ। ਸੂਬੇ ’ਚ ਸੋਮਵਾਰ ਨੂੰ ਕੁੱਲ ਔਸਤਨ 47.05 ਫ਼ੀ ਸਦੀ ਵੋਟਾਂ ਪਈਆਂ ਸਨ।
ਰਾਜਸਥਾਨ ’ਚ ਜੇ ਭਾਜਪਾ ਤੇ ਉਸ ਦੀ ਸਹਿਯੋਗ RLP ਤੋਂ ਕਾਂਗਰਸ ਦੋ ਸੀਟਾਂ ਖੋਹਣ ਵਿੰਚ ਸਫ਼ਲ ਹੋ ਜਾਂਦੀ ਹੈ, ਤਾਂ ਉਹ ਵਿਧਾਨ ਸਭਾ ’ਚ ਮਜ਼ਬੂਤ ਸਥਿਤੀ ਵਿੱਚ ਆ ਜਾਵੇਗੀ। ਇੱਥੇ ਦੋ ਵਿਧਾਨ ਸਭਾ ਸੀਟਾਂ ਮੰਡਾਵਾ ਤੇ ਖੀਂਵਸਰ ਲਈ ਜ਼ਿਮਨੀ ਚੋਣਾਂ ਹੋਈਆਂ ਸਨ। ਉੱਧਰ ਸਿੱਕਮ ’ਚ ਤਿੰਨ ਸੀਟਾਂ ਲਈ ਜ਼ਿਮਨੀ ਚੋਣਾਂ ਹੋਈਆਂ ਸਨ; ਜਿਨ੍ਹਾਂ ਵਿੱਚੋਂ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ (ਪੋਕਲੋਕ ਕਾਮਰਾਂਗ ਵਿਧਾਨ ਸਭਾ) ਵੀ ਉਮੀਦਵਾਰਾਂ ’ਚੋਂ ਇੱਕ ਹੈ।
ਭਾਰਤੀ ਫ਼ੁਟਬਾਲ ਟੀਮ ਦੇ ਸਾਬਕਾ ਕਪਤਾਨ ਬਾਇਚੁੰਗ ਭੂਟੀਆ ਵੀ ਗੰਗਟੋਕ ਤੋਂ ‘ਹਮਰੋ ਸਿੱਕਿਮ ਪਾਰਟੀ’ (HSP) ਦੀ ਟਿਕਟ ਉੱਤੇ ਚੋਣ ਮੈਦਾਨ ’ਚ ਹਨ।