ਕੋਰੋਨਾ ਵਾਇਰਸ ਦੇ ਵਧਦੇ ਕਹਿਰ ਕਾਰਨ ਉਸ ਦੀ ਦਹਿਸ਼ਤ ਵੀ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਇਹ ਵਾਇਰਸ ਹੁਣ ਦੁਨੀਆ ਦੇ 60 ਤੋਂ ਵੱਧ ਦੇਸ਼ਾਂ ਵਿੱਚ ਫੈਲ ਗਿਆ ਹੈ। ਚੀਨ ਤੋਂ ਬਾਅਦ ਇਸ ਵਾਇਰਸ ਦਾ ਸਭ ਤੋਂ ਵੱਧ ਅਸਰ ਈਰਾਨ ’ਤੇ ਪਿਆ ਹੈ। ਇਸੇ ਲਈ ਹੁਣ ਈਰਾਨ ਦੀ ਸਰਕਾਰ ਨੇ ਆਪਣੀਆਂ ਜੇਲ੍ਹਾਂ ’ਚ ਇਸ ਵਾਇਰਸ ਦੀ ਲਾਗ ਫੈਲਣ ਤੋਂ ਰੋਕਣ ਲਈ 54,000 ਤੋਂ ਵੱਧ ਕੈਦੀਆਂ ਨੂੰ ਅਸਥਾਈ ਤੌਰ ’ਤੇ ਰਿਹਾਅ ਕਰ ਦਿੱਤਾ ਹੈ।
ਇਸ ਦੌਰਾਨ ਈਰਾਨ ਦੇ 23 ਸੰਸਦ ਮੈਂਬਰ ਵੀ ਕੋਰੋਨਾ ਵਾਇਰਸ ਕਾਰਨ ਬੀਮਾਰ ਹੋ ਗਏ ਹਨ। ਨਿਆਂਪਾਲਿਕਾ ਦੇ ਬੁਲਾਰੇ ਗ਼ੋਲਮਹੁਸੈਨ ਇਸਮਾਇਲੀ ਨੇ ਕਿਹਾ ਕਿ ਇਨ੍ਹਾਂ ਕੈਦੀਆਂ ਦੀ ਜਾਂਚ ਕੀਤੀ ਗਈ ਹੈ ਤੇ ਇਨ੍ਹਾਂ ਦੇ ਸੈਂਪਲ ਨੈਗੇਟਿਵ ਪਾਏ ਗਏ ਹਨ ਤੇ ਉਨ੍ਹਾਂ ਨੂੰ ਹੁਣ ਅਸਥਾਈ ਤੌਰ ’ਤੇ ਜ਼ਮਾਨਤ ਉੱਤੇ ਛੱਡਿਆ ਜਾ ਰਿਹਾ ਹੈ।
ਈਰਾਨ ਦੀਆਂ ਜਿਹੜੀਆਂ ਜੇਲ੍ਹਾਂ ਵਿੱਚ ਕੈਦੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਭਰੀਆਂ ਹੋਈਆਂ ਹਨ; ਉੱਥੇ ਕੋਰੋਨਾ ਵਾਇਰਸ ਦੀ ਲਾਗ ਫੈਲਣ ਤੋਂ ਰੋਕਣ ਲਈ ਕੈਦੀਆਂ ਨੂੰ ਅਸਥਾਈ ਤੌਰ ’ਤੇ ਰਿਹਾਅ ਕੀਤਾ ਗਿਆ ਹੈ।
ਜਿਹੜੇ ਕੈਦੀਆਂ ਨੂੰ ਪੰਜ ਸਾਲ ਤੋਂ ਵੱਧ ਦੀ ਸਜ਼ਾ ਮਿਲੀ ਹੋਈ ਹੈ, ਉਨ੍ਹਾਂ ਨੁੰ ਰਿਹਾਅ ਨਹੀਂ ਕੀਤਾ ਗਿਆ ਹੈ। ਇੱਕ ਬ੍ਰਿਟਿਸ਼ ਐੱਮਪੀ ਮੁਤਾਬਕ ਬ੍ਰਿਟਿਸ਼–ਈਰਾਨੀ ਚੈਰਿਟੀ ਵਰਕਰ ਨਾਜ਼ਨੀਨ ਜਗ਼ਾਰੀ ਰੈਟਕਲਿਫ਼ ਨੂੰ ਵੀ ਬਹੁਤ ਛੇਤੀ ਛੱਡ ਦਿੱਤਾ ਜਾਵੇਗਾ। ਨਾਜ਼ਨੀਨ ਦੇ ਪਤੀ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਨ੍ਹਾਂ ਦਾ ਮੰਨਣਾ ਹੇ ਕਿ ਉਨ੍ਹਾਂ ਦੀ ਪਤਨੀ ਕੋਰੋਨਾ ਵਾਇਰਸ ਤੋਂ ਪੀੜਤ ਹੈ। ਉਹ ਇਸ ਵੇਲੇ ਤਹਿਰਾਨ ਦੀ ਏਵਿਨ ਜੇਲ੍ਹ ਵਿੱਚ ਕੈਦ ਹੈ। ਅਧਿਕਾਰੀਆਂ ਨੇ ਉਨ੍ਹਾਂ ਦੀ ਜਾਂਚ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ।
ਨਾਜ਼ਨੀਨ ਜਗ਼ਾਰੀ ਰੈਟਕਲਿਫ਼ ਨੂੰ ਜਾਸੂਸੀ ਦੇ ਦੋਸ਼ ਅਧੀਨ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸਾਲ 2016 ’ਚ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪਰ ਇੰਗਲੈਂਡ ਸਰਕਾਰ ਉਸ ਨੂੰ ਨਿਰਦੋਸ਼ ਮੰਨਦੀ ਹੈ। ਨਾਜ਼ਨੀਨ ਦੇ ਪਤੀ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਆਪਣੇ ਪਰਿਵਾਰ ਨਾਲ ਸੰਪਰਕ ਵਿੱਚ ਹੈ ਤੇ ਆਪਣੀ ਚੰਗੀ ਸਿਹਤ ਬਾਰੇ ਦੱਸਿਆ।
ਇਕੱਲੇ ਈਰਾਨ ’ਚ ਪਿਛਲੇ ਦੋ ਹਫ਼ਤਿਆਂ ’ਚ 77 ਵਿਅਕਤੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਇੱਥੇ 2,330 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।