ਤਾਮਿਲਨਾਡੂ ਦੇ ਕੋਇੰਬਟੂਰ ਤੋਂ ਇਕ ਨਾਬਾਲਗ ਨਾਲ ਬਦਫੈਲੀ ਕੀਤੇ ਜਾਣ ਦੀ ਖਬਰ ਮਿਲੀ ਹੈ। ਪੁਲਿਸ ਅਨੁਸਾਰ 11ਵੀਂ ਜਮਾਤ ਚ ਪੜ੍ਹਦੀ ਇੱਕ ਲੜਕੀ ਆਪਣੇ ਦੋਸਤ ਨਾਲ ਜਨਮਦਿਨ ਮਨਾਉਣ ਗਈ ਸੀ। ਇਸ ਦੌਰਾਨ ਛੇ ਲੋਕਾਂ ਨੇ ਉਸ ਨਾਲ ਜਬਰ ਜਨਾਹ ਕੀਤਾ। ਪੁਲਿਸ ਨੇ ਇਨ੍ਹਾਂ ਚੋਂ 4 ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੇ ਦੱਸਿਆ ਕਿ 11ਵੀਂ ਚ ਪੜ੍ਹਦੀ ਇਹ ਵਿਦਿਆਰਥਣ 26 ਨਵੰਬਰ ਨੂੰ ਆਪਣੇ ਇੱਕ ਦੋਸਤ ਨਾਲ ਇੱਕ ਪਾਰਕ ਚ ਗਈ ਸੀ। ਰਾਤ ਕਰੀਬ 9 ਵਜੇ ਘਰ ਤੋਂ ਪਰਤਦਿਆਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਨੇ ਲੜਕੇ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਲੜਕੀ ਨੂੰ ਅਣਪਛਾਤੀ ਥਾਂ ਤੇ ਲੈ ਗਏ ਤੇ ਉਸ ਨਾਲ ਜਬਰ ਜਨਾਹ ਕੀਤਾ।
ਪੁਲਿਸ ਨੇ ਇਹ ਵੀ ਕਿਹਾ ਕਿ ਮੁਲਜ਼ਮਾਂ ਨੇ ਘਟਨਾ ਦੀ ਵੀਡੀਓ ਵੀ ਬਣਾਈ ਸੀ। ਲੜਕੀ ਨੇ ਅਗਲੇ ਦਿਨ ਆਪਣੀ ਮਾਂ ਨੂੰ ਸਾਰੀ ਘਟਨਾ ਦੱਸੀ, ਜਿਸ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਗਈ।
ਜਾਂਚ ਸ਼ੁਰੂ ਹੋਣ ਤੋਂ ਬਾਅਦ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਖਿਲਾਫ ਪੋਕਸੋ ਐਕਟ, ਧਾਰਾ 354 (ਔਰਤ ਦੇ ਸਨਮਾਨ 'ਤੇ ਹਮਲਾ) ਅਤੇ ਧਾਰਾ 506 (ਅਪਰਾਧਿਕ ਐਕਟ) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਮਹਿਲਾ ਅਦਾਲਤ ਚ ਪੇਸ਼ ਕਰਨ ਤੋਂ ਬਾਅਦ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਇਸ ਗਿਰੋਹ ਦੇ ਮੁਖੀ ਸਮੇਤ ਦੋ ਲੋਕਾਂ ਦੀ ਭਾਲ ਕਰ ਰਹੀ ਹੈ।