ਦਿੱਲੀ ਹਿੰਸਾ ਮਾਮਲੇ ਦੀ ਜਾਂਚ ’ਚ ਲੱਗੀ ‘ਵਿਸ਼ੇਸ਼ ਜਾਂਚ ਟੀਮ’ (SIT) ਨੇ ਸਨਸਨੀਖ਼ੇਜ਼ ਇੰਕਸ਼ਾਫ਼ ਕੀਤਾ ਹੈ। ਟੀਮ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਦੇ 100 ਤੋਂ ਵੀ ਵੱਧ ਅਕਾਊਂਟਸ ਤੋਂ ਭੜਕਾਊ ਪੋਸਟ ਅਪਲੋਡ ਕੀਤੇ ਗਏ। ਉਨ੍ਹਾਂ ਵਿੱਚੋਂ ਵੱਖੋ–ਵੱਖਰੇ ਪਲੇਟਫ਼ਾਰਮ ਵਾਲੇ 60 ਅਕਾਊਂਟ ਤਾਂ ਸਿਰਫ਼ ਚਾਰ ਦਿਨਾਂ ਲਈ ਹੀ ਖੋਲ੍ਹੇ ਗਏ ਸਨ। ਇਹ ਪ੍ਰਗਟਾਵਾ ਕ੍ਰਾਈਮ ਬ੍ਰਾਂਚ ਦੀ SIT ਅਤੇ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਦੀ ਸਾਂਝੀ ਜਾਂਚ ਦੌਰਾਨ ਹੋਇਆ ਹੈ।
ਜਾਂਚ ਦੌਰਾਨ ਇਹ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਇਹ 60 ਖਾਤੇ 22 ਫ਼ਰਵਰੀ ਨੂੰ ਖੋਲ੍ਹੇ ਗਏ ਸਨ, ਜੋ 26 ਫ਼ਰਵਰੀ ਤੱਕ ਸਿਰਫ਼ ਚਾਰ ਦਿਨ ਹੀ ਐਕਟਿਵ ਰਹੇ। ਇਸ ਤੋਂ ਬਾਅਦ ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ। ਇਸ ਤੋਂ ਇਹ ਸ਼ੱਕ ਵਧ ਜਾਂਦਾ ਹੈ ਕਿ ਇਨ੍ਹਾਂ ਅਕਾਊਂਟਸ ਨੂੰ ਦੰਗਿਆਂ ਦੌਰਾਨ ਭੜਕਾਊ ਸਮੱਗਰੀ ਅਪਲੋਡ ਕਰਨ ਲਈ ਹੀ ਖੋਲ੍ਹਿਆ ਗਿਆ ਸੀ।
ਇਹ ਅਕਾਊਂਟ ਲਗਭਗ ਇੱਕੋ ਹੀ ਇਲਾਕੇ ਤੋਂ ਅਤੇ ਇੱਕੋ ਹੀ ਗਰੁੱਪ ਵੱਲੋਂ ਖੋਲ੍ਹੇ ਗਏ ਸਨ। ਇਸੇ ਲਈ ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਆਖ਼ਰ ਇਸ ਸਾਜ਼ਿਸ਼ ’ਚ ਕੌਣ–ਕੌਣ ਸ਼ਾਮਲ ਸਨ। ਇਹ ਪਤਾ ਲਾਉਣ ਦਾ ਜਤਨ ਕੀਤਾ ਜਾ ਰਿਹਾ ਹੈ ਕਿ ਕਿਤੇ ਅਜਿਹਾ ਤਾਂ ਨਹੀਂ ਕਿ ਇਸ ਦੇ ਪਿੱਛੇ ਕੋਈ ਹੋਰ ਲੋਕ ਹਨ, ਜਿਨ੍ਹਾਂ ਨੇ ਪਰਦੇ ਪਿੱਛੇ ਰਹਿੰਦਿਆਂ ਸੋਸ਼ਲ ਮੀਡੀਆ ਦੀ ਅਜਿਹੀ ਵਰਤੋਂ ਕੀਤੀ।
SIT ਨੇ ਇਹ ਅਪੀਲ ਜਾਰੀ ਕੀਤੀ ਹੈ ਕਿ ਮੀਡੀਆ ਤੋਂ ਇਲਾਵਾ ਆਮ ਨਾਗਰਿਕ ਹਿੰਸਾ ਜਾਂਚ ਦੀ ਜਾਂਚ ਵਿੱਚ ਮਦਦ ਕਰਨ। ਜਿਨ੍ਹਾਂ ਕੋਲ ਜੇ ਕੋਈ ਤਸਵੀਰ, ਵਿਡੀਓ ਫ਼ੁਟੇਜ ਜਾਂ ਅਜਿਹਾ ਕੋਈ ਹੋਰ ਸਬੂਤ ਹੋਵੇ, ਤਾਂ ਉਹ ਪੁਲਿਸ ਨੂੰ ਮੁਹੱਈਆ ਕਰਵਾਏ ਜਾਵੇ।
ਤਸਵੀਰਾਂ ਤੇ ਵਿਡੀਓ ਫ਼ੁਟੇਜ ਉੱਤਰ–ਪੂਰਬੀ ਦਿੱਲੀ ਜ਼ਿਲ੍ਹੇ ਦੇ ਡੀਸੀਪੀ ਦੇ ਸੀਲਮਪੁਰ ਸਥਿਤ ਦਫ਼ਤਰ ’ਚ ਜਮ੍ਹਾ ਕਰਵਾਉਣੀਆਂ ਹੋਣਗੀਆਂ। ਸਬੂਤ ਪੁਲਿਸ ਹਵਾਲੇ ਕਰਨ ਵਾਲਿਆਂ ਦੀ ਸ਼ਨਾਖ਼ਤ ਗੁਪਤ ਰੱਖੀ ਜਾਵੇਗੀ। ਜੇ ਕੋਈ ਇਨ੍ਹਾਂ ਹਿੰਸਕ ਘਟਨਾਵਾਂ ਬਾਰੇ ਗਵਾਹੀ ਦੇਣੀ ਚਾਹੁੰਦਾ ਹੋਵੇ, ਤਾਂ ਉਸ ਦੀ ਜਾਣਕਾਰੀ ਵੀ ਪੁਲਿਸ ਗੁਪਤ ਰੱਖੇਗੀ।
ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਹੁਣ ਤੱਕ 25 ਐੱਫ਼ਆਈਆਰ ਦਰਜ ਕੀਤੀਆਂ ਹਨ। ਇਨ੍ਹਾਂ ਵਿੱਚੋਂ ਕੁਝ ਅਜਿਹੀਆਂ ਵੀ ਹਨ, ਜਿਨ੍ਹਾਂ ਵਿੱਚ ਅਫ਼ਵਾਹਾਂ ਫੈਲਾਉਣ ਦੀ ਸ਼ਿਕਾਇਤ ਹੈ। ਪੁਲਿਸ ਹੁਣ ਤੱਕ ਅਜਿਹੇ ਸਾਈਬਰ ਬਦਮਾਸ਼ ਵੀ ਗ੍ਰਿਫ਼਼ਤਾਰ ਕਰ ਚੁੱਕੀ ਹੈ ਤੇ ਕੁਝ ਹੋਰਨਾਂ ਵਿਰੁੱਧ ਹਾਲੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਤੇ ਛਾਪੇ ਮਾਰੇ ਜਾ ਰਹੇ ਹਨ।