ਭਾਰਤ ’ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਤੇ ਪਿਛਲੇ 24 ਘੰਟਿਆਂ ਅੰਦਰ ਕੋਰੋਨਾ ਵਾਇਰਸ ਦੇ 15 ਮਰੀਜ਼ ਸਾਹਮਣੇ ਆ ਚੁੱਕੇ ਹਨ ਤੇ ਅੰਕੜਾ ਹੁਣ 75 ਤੱਕ ਪੁੱਜ ਗਿਆ ਹੈ। ਭਾਰਤ ’ਚ ਕੋਰੋਨਾ ਨੇ ਇੱਕ ਵਿਅਕਤੀ ਦੀ ਜਾਨ ਵੀ ਲੈ ਲਈ ਹੈ।
ਭਾਰਤ ਸਾਹਵੇਂ ਹੁਣ ਇੱਕ ਵੱਡੀ ਸਮੱਸਿਆ ਵਿਦੇਸ਼ ’ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਲਿਆਉਣ ਦੀ ਵੀ ਹੈ। ਈਰਾਨ ’ਚ ਲਗਭਗ 6,000 ਭਾਰਤੀ ਫਸੇ ਹੋਏ ਹਨ; ਜਿਸ ਲਈ ਡਾਕਟਰਾਂ ਨਾਲ ਲੈਸ ਟੀਮ 150 ਭਾਰਤੀਆਂ ਨੂੰ ਅੱਜ ਜੈਸਲਮੇਰ ਲਿਆਵੇਗੀ।
ਈਰਾਨ ਤੋਂ ਆਉਣ ਵਾਲੇ ਭਾਰਤੀਆਂ ਨੂੰ ਜਾਂਚ ਤੋਂ ਬਾਅਦ ਵੀ ਕੁਝ ਦਿਨਾਂ ਤੱਕ ਇਕੱਲੇ–ਕਾਰੇ ਰੱਖਿਆ ਜਾਵੇਗਾ। ਇਸ ਲਈ ਭਾਰਤੀ ਫ਼ੌਜ ਨੇ ਜੋਧਪੁਰ ਤੇ ਜੈਸਲਮੇਰ ’ਚ ਖ਼ਾਸ ਇੰਤਜ਼ਾਮ ਕੀਤੇ ਹਨ। ਫ਼ੌਜ ਦੇ ਬੁਲਾਰੇ ਕਰਨਲ ਅਮਨ ਆਨੰਦ ਨੇ ਦੱਸਿਆ ਕਿ ਅਗਲੇ ਦੋ–ਤਿੰਨ ਦਿਨਾਂ ਵਿੱਚ ਵੱਡੀ ਗਿਣਤੀ ’ਚ ਭਾਰਤੀ ਵਤਨ ਪਰਤਣਗੇ।
ਅਜਿਹੇ ਹਾਲਾਤ ’ਚ ਅਹਿਤਿਆਤ ਵਜੋਂ ਜੋਧਪੁਰ, ਜੈਸਲਮੇਰ, ਝਾਂਸੀ, ਗੋਰਖਪੁਰ, ਕੋਲਕਾਤਾ ਤੇ ਚੇਨਈ ’ਚ ਖ਼ਾਸ ਸਹੂਲਤਾਂ ਵਿਕਸਤ ਕੀਤੀਆਂ ਜਾ ਚੁੱਕੀਆਂ ਹਨ।
ਈਰਾਨ ’ਚ ਇਸ ਵੇਲੇ 6,000 ਤੋਂ ਵੱਧ ਭਾਰਤੀ ਫਸੇ ਹੋਏ ਹਨ; ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਤੇ ਤੀਰਥ–ਯਾਤਰੀ ਹਨ। ਕੋਰੋਨਾ ਵਾਇਰਸ ਨੇ ਈਰਾਨ ’ਚ ਕਾਫ਼ੀ ਕਹਿਰ ਮਚਾਇਆ ਹੋਇਆ ਹੈ।
ਈਰਾਨ ’ਚ 10,075 ਤੋਂ ਵੱਧ ਲੋਕਾਂ ਦੇ ਕੋਰੋਨਾ ਦੀ ਛੂਤ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ 429 ਵਿਅਕਤੀ ਹੁਣ ਤੱਕ ਮਾਰੇ ਜਾ ਚੁੱਕੇ ਹਨ। ਚੀਨ ਤੇ ਇਟਲੀ ਤੋਂ ਬਾਅਦ ਈਰਾਨ ’ਚ ਹੀ ਸਭ ਤੋਂ ਵੱਧ ਲੋਕ ਕੋਰੋਨਾ ਵਾਇਰਸ ਦੀ ਛੂਤ ਤੋਂ ਪ੍ਰਭਾਵਿਤ ਹੋਏ ਹਨ।