ਉੱਤਰ-ਪੂਰਬੀ ਦਿੱਲੀ ਦੇ ਦੰਗਾ ਪ੍ਰਭਾਵਿਤ ਇਲਾਕਿਆਂ 'ਚੋਂ 7 ਲੱਖ ਕਿੱਲੋ ਇੱਟਾਂ, ਪੱਥਰ ਅਤੇ ਰੋੜੇ ਇਕੱਠੇ ਕੀਤੇ ਗਏ ਹਨ। ਨਗਰ ਨਿਗਮ ਇਨ੍ਹਾਂ ਦੀ ਵਰਤੋਂ ਇੰਟਰਲਾਕਿੰਗ ਟਾਈਲਾਂ ਬਣਾਉਣ ਲਈ ਕਰੇਗੀ।
ਪਲਾਂਟ 'ਚ ਭੇਜਿਆ :
ਦੰਗਿਆਂ 'ਚ ਵਰਤੇ ਗਏ ਇੱਟਾਂ ਅਤੇ ਪੱਥਰਾਂ ਨੂੰ ਸ਼ਾਸਤਰੀ ਪਾਰਕ ਵਿਖੇ ਲਗਾਏ ਗਏ ਪਲਾਂਟ 'ਚ ਤੋੜਿਆ ਜਾਵੇਗਾ, ਜਿਨ੍ਹਾਂ ਦੀ ਵਰਤੋਂ ਇੰਟਰਲੌਕਿੰਗ ਟਾਈਲਾਂ 'ਚ ਕੀਤੀ ਜਾਵੇਗੀ। ਇੰਟਰਲਾਕਿੰਗ ਟਾਈਲਾਂ ਬਣਾਉਣ ਵਿੱਚ ਰੇਤ, ਪੱਥਰ ਅਤੇ ਸਮਿੰਟ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।

456 ਅੱਗ ਨਾਲ ਸੜੀਆਂ ਗੱਡੀਆਂ ਜ਼ਬਤ ਕੀਤੀਆਂ :
ਪੂਰਬੀ ਦਿੱਲੀ ਨਗਰ ਨਿਗਮ ਦੇ ਸ਼ਾਹਦਰਾ ਉੱਤਰੀ ਜ਼ੋਨ ਦੇ ਮੁਲਾਜ਼ਮਾਂ ਨੇ ਦੰਗਾ ਪ੍ਰਭਾਵਿਤ ਇਲਾਕਿਆਂ 'ਚੋਂ 424 ਸੜੀਆਂ ਹੋਈਆਂ ਕਾਰਾਂ ਅਤੇ 32 ਛੋਟੇ ਵਾਹਨ ਜ਼ਬਤ ਕੀਤੇ ਹਨ। ਇਹ ਵਾਹਨਾਂ ਨੂੰ ਸਬੰਧਤ ਖੇਤਰ ਦੇ ਥਾਣਿਆਂ ਵਿੱਚ ਜਮਾਂ ਕਰਵਾਇਆ ਗਿਆ ਹੈ।
ਚਾਰ ਦਿਨ ਚੱਲੀ ਮੁਹਿੰਮ :
ਪੂਰਬੀ ਨਿਗਮ ਨੇ ਬੀਤੇ ਸੋਮਵਾਰ ਨੂੰ ਦੰਗਾ ਪ੍ਰਭਾਵਿਤ ਇਲਾਕਿਆਂ 'ਚੋਂ ਇੱਟਾਂ, ਪੱਥਰ, ਰੋੜੇ ਅਤੇ ਸੜੇ ਵਾਹਨਾਂ ਨੂੰ ਇੱਕਠਾ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਸੀ, ਜੋਕਿ ਵੀਰਵਾਰ ਨੂੰ ਮੁਕੰਮਲ ਹੋ ਗਈ ਸੀ। ਇਸ ਮੁਹਿੰਮ 'ਚ ਲਗਭਗ 200 ਆਟੋ, 80 ਮਿੰਨੀ ਟਰੱਕ ਅਤੇ 500 ਕਰਮਚਾਰੀਆਂ ਨੂੰ ਲਗਾਇਆ ਗਿਆ ਸੀ।
ਪੂਰਬੀ ਦਿੱਲੀ ਨਗਰ ਨਿਗਮ ਦੇ ਸੂਚਨਾ ਨਿਰਦੇਸ਼ਕ ਅਰੁਣ ਸਿੰਘ ਨੇ ਦੱਸਿਆ ਕਿ ਦੰਗਾ ਪ੍ਰਭਾਵਿਤ ਇਲਾਕਿਆਂ ਦੀਆਂ ਸੜਕਾਂ ਅਤੇ ਗਲੀਆਂ ਵਿੱਚੋਂ ਚੁੱਕੇ ਗਏ ਇੱਟਾਂ, ਪੱਥਰਾਂ ਤੇ ਰੋੜਿਆਂ ਦੀ ਵਰਤੋਂ ਇੰਟਰਲਾਕਿੰਗ ਟਾਈਲਾਂ ਬਣਾਉਣ 'ਚ ਕੀਤੀ ਜਾਵੇਗੀ।