ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ AIIMS ’ਚ 10 ਸਾਲਾਂ ਤੋਂ ਬਿਨਾ ਤਨਖ਼ਾਹ ਕੰਮ ਕਰ ਰਹੇ ਨੇ 70 ਵਿਦੇਸ਼ੀ ਡਾਕਟਰ

ਦਿੱਲੀ AIIMS ’ਚ 10 ਸਾਲਾਂ ਤੋਂ ਬਿਨਾ ਤਨਖ਼ਾਹ ਕੰਮ ਕਰ ਰਹੇ ਨੇ 70 ਵਿਦੇਸ਼ੀ ਡਾਕਟਰ

ਆਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼ (AIIMS) ’ਚ ਰੋਜ਼ਾਨਾ ਸੈਂਕੜੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਵਿਦੇਸ਼ੀ ਰੈਜ਼ੀਡੈਂਟ ਡਾਕਟਰ ਪਿਛਲੇ ਕਈ ਸਾਲਾਂ ਤੋਂ ਬਿਨਾ ਤਨਖ਼ਾਹ ਦੇ ਹੀ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਨਾ ਤਾਂ ਤਨਖ਼ਾਹ ਮਿਲਦੀ ਹੈ ਤੇ ਨਾ ਹੀ ਕੋਈ ਹੋਰ ਆਰਥਿਕ ਮਦਦ। ਦਿੱਲੀ ਜਿਹੇ ਮਹਾਂਨਗਰ ਵਿੱਚ ਉਨ੍ਹਾਂ ਨੂੰ ਹੁਣ ਆਪਣੇ ਪਰਿਵਾਰਾਂ ਸਮੇਤ ਗੁਜ਼ਾਰਾ ਔਖਾ ਹੋ ਗਿਆ ਹੈ। ਨੇਪਾਲ ਸਰਕਾਰ ਨੇ ਵੀ ਪ੍ਰਧਾਨ ਮੰਤਰੀ ਦਫ਼ਤਰ ਨੁੰ ਇਸ ਮਾਮਲੇ ’ਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ।

 

 

ਦਿੱਲੀ ਸਥਿਤ ਏਮਸ ਹਸਪਤਾਲ ਵਿੱਚ ਇਸ ਵੇਲੇ 70 ਤੋਂ ਵੀ ਵੱਧ ਵਿਦੇਸ਼ੀ ਡਾਕਟਰ ਹਨ; ਜੋ ਸੀਨੀਅਰ ਤੇ ਜੂਨੀਅਰ ਰੈਜ਼ੀਡੈਂਟ ਅਹੁਦਿਆਂ ’ਤੇ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇਪਾਲ ਦੇ ਰਹਿਣ ਵਾਲੇ ਹਨ ਤੇ ਕੁਝ ਬੰਗਲਾਦੇਸ਼ ਤੇ ਸ੍ਰੀਲੰਕਾ ਤੋਂ ਵੀ ਹਨ। ਉਨ੍ਹਾਂ ਡਾਕਟਰਾਂ ਦਾ ਕਹਿਣਾ ਹੈ ਕਿ ਸਾਲ 2009 ਤੱਕ ਦਿੱਲੀ ਏਮਸ ’ਚ ਕੰਮ ਕਰਨ ਵਾਲੇ ਵਿਦੇਸ਼ੀ ਡਾਕਟਰ ਨੂੰ ਤਨਖ਼ਾਹ ਮਿਲਦੀ ਸੀ ਪਰ ਪਿਛਲੇ 10 ਸਾਲਾਂ ਤੋਂ ਉਹ ਮੁਫ਼ਤ ਆਪਣੀਆਂ ਸੇਵਾਵਾਂ ਦੇ ਰਹੇ ਹਨ; ਜਦ ਕਿ ਇਨ੍ਹਾਂ ਹੀ ਅਹੁਦਿਆਂ ਉੱਤੇ ਇੱਕ ਭਾਰਤੀ ਡਾਕਟਰ ਨੂੰ ਸਰਕਾਰ ਤੋਂ ਲਗਭਗ 80 ਹਜ਼ਾਰ ਰੁਪਏ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਦੀ ਮਾਸਿਕ ਤਨਖ਼ਾਹ ਮਿਲਦੀ ਹੈ।

 

 

ਅਮਰ ਉਜਾਲਾ ਵੱਲੋਂ ਪ੍ਰਕਾਸ਼ਿਤ ਇਸ ਖ਼ਾਸ ਰਿਪੋਰਟ ਮੁਤਾਬਕ ਏਮਸ ਦੇ ਪ੍ਰਬੰਧਕਾਂ ਨੇ ਇਸ ਸਮੱਸਿਆ ਦੀ ਪੁਸ਼ਟੀ ਕੀਤੀ ਹੈ। ਪ੍ਰਬੰਧਕਾਂ ਮੁਤਾਬਕ ਇਸ ਮਾਮਲੇ ’ਚ ਛੇਤੀ ਹੀ ਰਾਹਤ ਦਿੱਤੀ ਜਾਵੇਗੀ। ਏਮਸ ਦੀ ਵਿੱਤੀ ਕਮੇਟੀ ਦੀ ਅਗਲੀ ਮੀਟਿੰਗ ਵਿੱਚ ਇਸ ਬਾਰੇ ਫ਼ੈਸਲਾ ਲੈ ਲਿਆ ਜਾਵੇਗਾ।

 

 

ਸੀਨੀਅਰ ਰੈਜ਼ੀਡੈਂਟ ਡਾਕਟਰ ਦੇਵਾਸ਼ੀਸ਼ ਦਾਸ ਨੇ ਦੱਸਿਆ ਕਿ ਦਿੱਲੀ ਏਮਸ, ਚੰਡੀਗੜ੍ਹ ਪੀਜੀਆਈ ਤੇ ਪੁੱਡੂਚੇਰੀ ਸਥਿਤ ਜੇਆਈਪੀਐੱਮਈਆਰ ਸਮੇਤ ਕਈ ਵੱਡੇ ਮੈਡੀਕਲ ਕਾਲਜਾਂ ਵਿੱਚ ਲਗਭਗ 100 ਤੋਂ ਵੱਧ ਨੇਪਾਲੀ ਡਾਕਟਰ ਕੰਮ ਕਰ ਰਹੇ ਹਨ। ਨੇਪਾਲੀ ਰੈਜ਼ੀਡੈਂਟ ਡਾਕਟਰ ਵੀ ਹਸਪਤਾਲ ’ਚ ਭਾਰਤੀ ਡਾਕਟਰਾਂ ਵਾਂਗ ਆਪਣੀਆਂ ਸੇਵਾਵਾਂ ਦਿੰਦੇ ਹਨ। ਫਿਰ ਵੀ ਉਨ੍ਹਾਂ ਨੂੰ ਕੋਈ ਤਨਖ਼ਾਹ ਜਾਂ ਭੱਤਾ ਨਹੀਂ ਮਿਲਦਾ।

 

 

ਨੇਪਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਭਾਰਤੀ ਡਾਕਟਰ ਨੇਪਾਲ ’ਚ ਜਾ ਕੇ ਕੰਮ ਕਰਦਾ ਹੈ, ਤਾਂ ਉਸ ਨੂੰ ਸਰਕਾਰੀ ਨਿਯਮਾਂ ਮੁਤਾਬਕ ਹਰ ਤਰ੍ਹਾਂ ਦੇ ਭੱਤਿਆਂ ਸਮੇਤ ਤਨਖ਼ਾਹਾਂ ਮਿਲਦੀਆਂ ਹਨ।

 

 

ਡਾਨ ਅਨਸਾਰ ਉਲ ਹੱਕ ਦਾ ਕਹਿਣਾ ਹੈ ਕਿ ਨੇਪਾਲ ਸਰਕਾਰ ਨੇ ਵੀ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਹੈ; ਜਿਸ ਤੋਂ ਬਾਅਦ ਮੰਤਰਾਲੇ ਤੋਂ ਏਮਸ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਚੰਡੀਗੜ੍ਹ ਪੀਜੀਆਈ ਨੇ ਵੀ ਇਸ ਉੱਤੇ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਇਹ ਕੰਮ ਕੁਝ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:70 Foreign Doctors working at AIIMS Delhi without salary for last 10 years