ਨੋਟਬੰਦੀ ਦੌਰਾਨ ਲੋਕਾਂ ਦੇ ਬੈਂਕ ਖਾਤਿਆਂ ਚ ਜਮ੍ਹਾ ਹੋਏ ਕਰੋੜਾਂ ਰੁਪਏ ਨੂੰ ਲੈ ਕੇ ਦਿਲਚਸਪ ਖੁਲਾਸੇ ਹੋ ਰਹੇ ਹਨ। ਇਨਕਮ ਟੈਕਸ ਵਿਭਾਗ ਦੇ ਸਖਤ ਨਿਯਮ ਅਤੇ ਬੇਨਾਮੀ ਐਕਟ ਤੋਂ ਬਚਣ ਲਈ 70 ਫੀਸਦ ਤੋਂ ਜਿ਼ਆਦਾ ਲੋਕ ਇਸ ਗੱਲ ਤੋਂ ਮੁਕਰ ਗਏ ਹਨ ਕਿ ਖਾਤਿਆਂ ਚ ਜਮ੍ਹਾ ਕੀਤੀ ਰਕਮ ਉਨ੍ਹਾਂ ਦੀ ਹੈ।
ਸ਼ਹਿਰ ਚ ਲਗਭਗ 500 ਤੋਂ ਜਿ਼ਆਦਾ ਖਾਤਿਆਂ ਦੀ ਜਾਂਚ ਕੀਤੀ ਗਈ। ਇਸ ਖੁਲਾਸੇ ਮਗਰੋਂ ਇਨਕਮ ਟੈਕਸ ਵਿਭਾਗ ਨੇ ਬੈਂਕਾਂ ਚ ਜਮ੍ਹਾ ਰਕਮ ਦੀ ਨਿਗਰਾਨੀ ਲਈ ਹਦਾਇਤਾਂ ਦੀ ਗੱਲ ਕੀਤੀ ਹੈ।
ਨੋਟਬੰਦੀ ਦੌਰਾਨ ਮੁਲਕ ਦੇ ਬੈਂਕ ਖਾਤਿਆਂ ਚ ਲਗਭਗ 15 ਲੱਖ ਕਰੋੜ ਤੋਂ ਜਿ਼ਆਦਾ ਰੁਪਿਆ ਜਮ੍ਹਾ ਹੋਇਆ ਸੀ। ਜਨਧਨ ਖਾਤਿਆਂ ਚ 10-10 ਲੱਖ ਰੁਪਏ ਆ ਗਏ ਸਨ। ਅਜਿਹੇ ਹਜ਼ਾਰਾਂ ਖਾਤਿਆਂ ਨੂੰ ਸ਼ੱਕੀ ਨਜ਼ਰ ਚ ਰੱਖਿਆ ਗਿਆ ਹੈ। ਐਸਐਫ਼ਟੀ ਨਾਂ ਦੇ ਇਸ ਸੋਫਟਵੇਅਰ ਦੁਆਰਾ ਬੈਂਕਾਂ ਨੂੰ ਸੂਚਨਾਵਾਂ ਭੇਜਣੀਆਂ ਸਨ। ਇਨਕਮ ਟੈਕਸ ਵਿਭਾਗ ਦੀ ਵਿੱਤੀ ਖੂਫੀਆ ਇਕਾਈ ਨੇ ਖਾਤਿਆਂ ਦੀ ਪੜਚੋਲ ਕਰਨੀ ਆਰੰਭ ਦਿੱਤੀ।
ਹਾਈਟੈੱਕ ਸਾਫਟਵੇਅਰ ਐਸਐਫਟੀ ਦੁਆਰਾ ਖਾਤਿਆਂ ਦੀ ਜਾਂਚ ਕੀਤੀ ਗਈ ਅਤੇ ਜਿਨ੍ਹਾਂ ਚ ਅਚਾਨਕ ਮੋਟੀ ਰਕਮ ਜਮ੍ਹਾ ਹੋਈ ਸੀ, ਉਨ੍ਹਾਂ ਨੂੰ ਵੱਖ ਕਰ ਦਿੱਤਾ ਗਿਆ। ਫਿਰ ਉਨ੍ਹਾਂ ਖਾਤਿਆਂ ਦੀ ਜਾਂਚ ਲਈ ਸਬੰਧਿਤ ਖੇਤਰਾਂ ਨੂੰ ਭੇਜਿਆ ਗਿਆ।
ਕਾਨਪੁਰ ਰੀਜਨ ਚ ਅਜਿਹੇ ਖਾਤਿਆਂ ਦੀ ਜਾਂਚ ਇਨਕਮ ਟੈਕਸ ਹੁਕਮਰਾਨ ਜਾਂਚ ਅਤੇ ਅਪਰਾਧਿਕ ਆਸੂਚਨਾ ਅਤੇ ਅਥਾਰਿਟੀ ਸੰਯੁਕਤ ਤੌਰ ਤੇ ਕਰ ਰਹੇ ਹਨ। ਵਿੱਤੀ ਖੂਫੀਅ ਇਕਾਈ (ਐਫਆਈਯੂ) ਸਿੱਧੇ ਵਿੱਤੀ ਮੰਤਰਾਲਾ ਦੀ ਰਿਪੋਰਟ ਕਰਦਾ ਹੈ ਜਦਕਿ ਇਨਕਮ ਟੈਕਸ ਹੁਕਮਰਾਨ ਜਾਂਚ ਆਪਣੀ ਰਿਪੋਰਟ ਕੇਂਦਰੀ ਟੈਕਸ ਬੋਰਡ (ਸੀਬੀਡੀਟੀ) ਨੂੰ ਭੇਜਦਾ ਹੈ।
ਕਾਨਪੁਰ ਦੇ ਲਗਭਗ 500 ਤੋਂ ਜਿ਼ਆਦਾ ਖਾਤਿਆਂ ਦੀ ਜਾਂਚ ਵਿਚ 70 ਫੀਸਦ ਖਾਤਾ ਧਾਰਕਾਂ ਨੇ ਇਹ ਕਹਿ ਕੇ ਪੱਲਾ ਝਾੜਨ ਦੀ ਕੋਸਿ਼ਸ਼ ਕੀਤੀ ਕਿ ਉਨ੍ਹਾਂ ਦੇ ਖਾਤੇ ਚ ਜਮ੍ਹਾ ਰਕਮ ਉਨ੍ਹਾਂ ਦੀ ਨਹੀਂ ਹੈ। ਇਹ ਰਕਮ ਲਗਭਗ 50 ਕਰੋੜ ਰੁਪਏ ਤੋਂ ਜਿ਼ਆਦਾ ਹੈ। ਫਿਰ ਇਸਦਾ ਮਾਲਕ ਕੌਣ ਹੈ ਦੇ ਜਵਾਬ ਚ ਖਾਤਾ ਧਾਰਕਾਂ ਨੇ ਕੋਈ ਜਵਾਬ ਨਾ ਦਿੱਤਾ।
ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਬੇਨਾਮੀ ਐਕਟ ਚ ਫਸਣ ਦੇ ਡਰ ਤੋਂ ਲੋਕਾਂ ਨੇ ਆਪਣੇ ਬੇਨਾਮੀ ਪੈਸੇ ਤੋਂ ਪਿੱਛਾ ਛੁਡਾਇਆ ਹੈ। ਇਸ ਨਵੀਂ ਮੁਸੀਬਤ ਦੀ ਪੂਰੀ ਰਿਪੋਰਟ ਵਿਭਾਗ ਨੇ ਸੀਬੀਡੀਟੀ ਨੂੰ ਦਿੱਤੀ ਸੀ। ਜਿਸ ਤੋਂ ਬਾਅਦ ਹੀ ਖਾਤੇ ਚ ਕਿਸੇ ਦੂਜੇ ਵਿਅਕਤੀ ਦੁਆਰਾ ਰਕਮ ਜਮ੍ਹਾ ਕਰਨ ਸਬੰਧੀ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਜਾਣਕਾਰੀ ਮਿਲੀ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐਸਬੀਆਈ ਨੇ ਆਪਣੇ ਗਾਹਕਾਂ ਦੇ ਬੈਂਕ ਖਾਤਿਆਂ ਨੂੰ ਸੁਰੱਖਿਅਤ ਰੱਖਣ ਲਈ ਫੈਸਲਾ ਲਿਆ ਹੈ ਕਿ ਕਿਸੇ ਦੇ ਖਾਤੇ ਚ ਕੋਈ ਦੂਜਾ ਵਿਅਕਤੀ ਪੈਸੇ ਨਹੀਂ ਜਮ੍ਹਾ ਕਰਾ ਪਾਵੇਗਾ। ਇਸ ਫੈਸਲੇ ਮੁਤਾਬਕ ਪਿਓ ਵੀ ਆਪਣੇ ਮੁੰਡੇ ਦੇ ਖਾਤੇ ਚ ਪੈਸੇ ਨਹੀਂ ਜਮ੍ਹਾ ਕਰਾ ਸਕੇਗਾ। ਖਾਸ ਹਾਲਾਤਾਂ ਚ ਕਿਸੇ ਦੂਜੇ ਵੱਲੋਂ ਪੈਸੇ ਜਮ੍ਹਾਂ ਕਰਾਉਣ ਲਈ ਖਾਤੇਦਾਰ ਨੂੰ ਅਰਜ਼ੀ ਲਿੱਖ ਕੇ ਦੇਣੀ ਪਵੇਗੀ।
.