ਕੋਰੋਨਾ ਸੰਕਟ ਦੇ ਵਿਚਕਾਰ ਅਜੀਮ ਪ੍ਰੇਮਜੀ ਯੂਨੀਵਰਸਿਟੀ ਅਤੇ ਸਿਵਲ ਸੁਸਾਇਟੀ ਸੰਗਠਨ ਦੇ ਇੱਕ ਸਰਵੇਖਣ 'ਚ ਦੇਸ਼ ਵਿੱਚ ਰੁਜ਼ਗਾਰ ਬਾਰੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਲੌਕਡਾਊਨ ਵਿਚਕਾਰ ਸਰਵੇਖਣ 'ਚ ਪਤਾ ਲੱਗਿਆ ਹੈ ਕਿ ਦੋ-ਤਿਹਾਈ ਤੋਂ ਜ਼ਿਆਦਾ ਲੋਕ ਆਪਣੀ ਰੋਜ਼ੀ-ਰੋਟੀ ਦੇ ਸਾਧਨਾਂ ਤੋਂ ਹੱਥ ਧੋ ਬੈਠੇ ਹਨ।
ਉੱਥੇ ਹੀ ਜਿਨ੍ਹਾਂ ਲੋਕਾਂ ਕੋਲ ਰੁਜ਼ਗਾਰ ਬਚਿਆ ਹੈ, ਉਨ੍ਹਾਂ ਦੀ ਕਮਾਈ 'ਚ ਭਾਰੀ ਕਮੀ ਆਈ ਹੈ। ਆਲਮ ਇਹ ਹੈ ਕਿ ਅੱਧੇ ਤੋਂ ਵੱਧ ਘਰਾਂ 'ਚ ਕੁੱਲ ਆਮਦਨ ਤੋਂ ਇੱਕ ਹਫ਼ਤੇ ਭਰ ਦਾ ਜ਼ਰੂਰੀ ਸਮਾਨ ਖਰੀਦਣਾ ਵੀ ਮੁਸ਼ਕਲ ਹੋ ਰਿਹਾ ਹੈ। ਖੋਜਕਰਤਾਵਾਂ ਦੇ ਅਨੁਸਾਰ ਲੌਕਡਾਊਨ ਕਾਰਨ ਨਾ ਸਿਰਫ਼ ਵੱਡੀਆਂ ਕੰਪਨੀਆਂ 'ਚ ਕੰਮ ਠੱਪ ਹੋ ਗਿਆ ਹੈ, ਸਗੋਂ ਇਸ ਦੀ ਮਦਦ ਨਾਲ ਚੱਲ ਰਹੇ ਸਵੈ-ਰੁਜ਼ਗਾਰ ਦੇ ਸਾਰੇ ਕੰਮ-ਧੰਦੇ ਵੀ ਬੰਦ ਹੁੰਦੇ ਜਾ ਰਹੇ ਹਨ। ਇਹ ਚਿੰਤਾ ਦਾ ਇੱਕ ਵੱਡਾ ਕਾਰਨ ਹੈ।
4000 ਮਜ਼ਦੂਰਾਂ ਦੇ ਵਿਚਾਰ
ਇਸ ਸਰਵੇਖਣ 'ਚ ਆਂਧਰਾ ਪ੍ਰਦੇਸ਼, ਬਿਹਾਰ, ਦਿੱਲੀ, ਗੁਜਰਾਤ, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉਡੀਸ਼ਾ, ਰਾਜਸਥਾਨ, ਤੇਲੰਗਾਨਾ ਤੇ ਪੱਛਮੀ ਬੰਗਾਲ ਦੇ ਲਗਭਗ 4000 ਮਜ਼ਦੂਰ ਸ਼ਾਮਲ ਹੋਏ। ਖੋਜਕਰਤਾਵਾਂ ਨੇ ਮਜ਼ਦੂਰਾਂ ਨੂੰ ਉਨ੍ਹਾਂ ਦੀ ਵਿੱਤੀ ਹਾਲਤ ਅਤੇ ਫ਼ਰਵਰੀ ਤੋਂ ਲੈ ਕੇ ਲੌਕਡਾਊਨ ਦੌਰਾਨ ਹੋ ਰਹੀ ਕਮਾਈ ਬਾਰੇ ਵੀ ਸਵਾਲ ਕੀਤੇ। ਸਵੈ-ਰੁਜ਼ਗਾਰ ਨਾਲ ਜੁੜੇ ਲੋਕਾਂ, ਦਿਹਾੜੀਦਾਰ ਮਜ਼ਦੂਰਾਂ ਤੇ ਆਮ ਨੌਕਰੀਪੇਸ਼ਾ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ ਗਈ।
ਪਿੰਡ :
ਸਥਿਤੀ ਚੰਗੀ ਨਹੀਂ : ਪੇਂਡੂ ਖੇਤਰਾਂ 'ਚ ਬੇਰੁਜ਼ਗਾਰੀ ਦਾ ਅੰਕੜਾ ਸ਼ਹਿਰਾਂ ਦੇ ਮੁਕਾਬਲੇ ਥੋੜਾ ਘੱਟ ਹੈ। ਇੱਥੇ ਲਗਭਗ 57% ਮਤਲਬ ਹਰੇਕ 10 ਵਿੱਚੋਂ 6 ਲੋਕ ਪ੍ਰਭਾਵਿਤ ਹੋਏ ਹਨ।
ਸ਼ਹਿਰ :
ਸਥਿਤੀ ਬਦਤਰ ਹੈ : ਸ਼ਹਿਰੀ ਇਲਾਕਿਆਂ ਵਿੱਚ ਸਥਿਤੀ ਸਭ ਤੋਂ ਖਰਾਬ ਹੈ। ਹਰ 10 ਵਿੱਚੋਂ 8 ਵਿਅਕਤੀ ਰੁਜ਼ਗਾਰ ਗੁਆ ਚੁੱਕੇ ਹਨ। ਮਤਲਬ 80% ਲੋਕ ਬੇਰੁਜ਼ਗਾਰ ਹੋ ਗਏ ਹਨ।
ਗ਼ੈਰ-ਖੇਤੀਬਾੜੀ ਸੈਕਟਰ 'ਚ ਕਮਾਈ ਵਿੱਚ 90% ਦੀ ਕਮੀ ਆਈ :
ਸਰਵੇਖਣ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਜਿਨ੍ਹਾਂ ਲੋਕਾਂ ਕੋਲ ਰੁਜ਼ਗਾਰ ਬਚਿਆ ਹੈ, ਉਨ੍ਹਾਂ ਦੀ ਆਮਦਨੀ ਪ੍ਰਭਾਵਿਤ ਹੋਈ ਹੈ।
ਗੈਰ-ਖੇਤੀਬਾੜੀ ਸੈਕਟਰ ਵਿੱਚ ਕੰਮ ਕਰਨ ਵਾਲਿਆਂ ਦੀ ਆਮਦਨੀ ਵਿੱਚ 90% ਦੀ ਕਮੀ ਆਈ ਹੈ। ਪਹਿਲਾਂ ਜਿੱਥੇ ਉਹ ਔਸਤਨ 2240 ਰੁਪਏ ਪ੍ਰਤੀ ਹਫ਼ਤੇ ਕਮਾਉਂਦੇ ਸਨ, ਹੁਣ ਆਮਦਨ ਸਿਰਫ਼ 218 ਰੁਪਏ ਹੀ ਰਹਿ ਗਈ ਹੈ।
ਜੋ ਦਿਹਾੜੀਦਾਰ ਮਜ਼ਦੂਰ ਫ਼ਰਵਰੀ ਦੇ ਮਹੀਨੇ ਵਿੱਚ ਔਸਤਨ 940 ਰੁਪਏ ਦੀ ਕਮਾਈ ਕਰਦਾ ਸੀ, ਹੁਣ ਉਸ ਦੀ ਆਮਦਨੀ ਲਗਭਗ ਅੱਧੀ ਹੋ ਗਈ ਹੈ।
6 ਮਹੀਨੇ ਦਾ ਰਾਸ਼ਨ ਦਿੱਤਾ ਜਾਵੇ :
ਸਰਵੇਖਣ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਸਾਰੇ ਜ਼ਰੂਰਤਮੰਦਾਂ ਨੂੰ ਘੱਟੋ-ਘੱਟ ਅਗਲੇ 6 ਮਹੀਨੇ ਤਕ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਜਾਵੇ।
ਨਾਲ ਹੀ ਪੇਂਡੂ ਖੇਤਰਾਂ ਵਿੱਚ ਮਨਰੇਗਾ ਦਾ ਦਾਇਰਾ ਵਧਾਉਣਾ ਚਾਹੀਦਾ ਹੈ ਤਾਂ ਜੋ ਉੱਥੇ ਰਹੇ ਰਹੇ ਵੱਧ ਤੋਂ ਵੱਧ ਲੋਕਾਂ ਨੂੰ ਕੰਮ ਮਿਲ ਸਕੇ।
ਯੂਨੀਵਰਸਿਟੀ ਨੇ ਲੋੜਵੰਦਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਖਾਤੇ 'ਚ ਘੱਟੋ-ਘੱਟ ਦੋ ਮਹੀਨੇ 7-7 ਹਜ਼ਾਰ ਰੁਪਏ ਪਾਉਣ ਦਾ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਹੈ।