ਭਾਰਤ ਦੀ ਰਾਜਧਾਨੀ ਦਿੱਲੀ ਦੇ ਭਾਰਤ ਨਗਰ ਥਾਣਾ ਇਲਾਕੇ ’ਚ ਪੈਂਦੇ ਰਾਣਾ ਪ੍ਰਤਾਪ ਬਾਗ ਖੇਤਰ ਵਿੱਚ ਬੀਤੇ ਦਿਨੀਂ ਬਜ਼ੁਰਗ ਭਰਾ ਤੇ ਭੈਣ ਦੀ ਮੌਤ ਹੋ ਗਈ ਸੀ। ਹੁਣ ਤੱਕ ਇਹੋ ਮੰਨਿਆ ਜਾ ਰਿਹਾ ਸੀ ਕਿ ਉਨ੍ਹਾਂ ਦੋਵਾਂ ਦੀ ਮੌਤ ਸ਼ਾਇਦ ਸਖ਼ਤ ਗਰਮੀ ਕਾਰਨ ਹੋਈ ਸੀ।
ਪਰ ਹੁਣ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਬਜ਼ੁਰਗ ਔਰਤ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ, ਜਦ ਕਿ ਉਸ ਦੇ ਭਰਾ ਦੀ ਮੌਤ ਦੋ ਦਿਨ ਬਾਅਦ ਭੁੱਖ ਤੇ ਪਿਆਸ ਕਾਰਨ ਹੋਈ ਸੀ।
ਇਨ੍ਹਾਂ ਭੈਣ ਤੇ ਭਰਾ ਦੀਆਂ ਦੋਵੇਂ ਲਾਸ਼ਾਂ ਬੀਤੇ ਐਤਵਾਰ ਨੂੰ ਗਲ਼ੀ–ਸੜੀ ਹਾਲਤ ਵਿੱਚ ਪਈਆਂ ਮਿਲੀਆਂ ਸਨ। ਉਹ ਵੀ ਗੁਆਂਢੀਆਂ ਨੂੰ ਜਦੋਂ ਬੋਅ ਆਈ, ਤਦ ਜਾ ਕੇ ਕਿਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਭੈਣ ਦੀ ਉਮਰ 77 ਸਾਲ ਤੇ ਉਨ੍ਹਾਂ ਦਾ ਨਾਂਅ ਰਾਣੀ ਸੀ, ਜਦ ਕਿ ਉਨ੍ਹਾਂ ਦੇ ਭਰਾ ਦਾ ਨਾਂਅ ਚਮਨ ਲਾਲ ਸੀ ਤੇ ਉਨ੍ਹਾਂ ਦੀ ਉਮਰ 95 ਸਾਲ ਸੀ। ਸ੍ਰੀ ਚਮਨ ਲਾਲ ਦਰਅਸਲ ਚੱਲਣ–ਫਿਰਨ ਦੀ ਹਾਲਤ ਵਿੱਚ ਨਹੀਂ ਸਨ ਤੇ ਪਿਛਲੇ 10 ਸਾਲਾਂ ਤੋਂ ਬਿਸਤਰ ’ਤੇ ਹੀ ਸਨ। ਇਹ ਭਰਾ–ਭੈਣ ਹੀ ਇੱਕ–ਦੂਜੇ ਦਾ ਸਹਾਰਾ ਸਨ।
ਪਰ ਜਦੋਂ ਭੈਣ ਦਾ ਦੇਹਾਂਤ ਹੋ ਗਿਆ, ਤਾਂ ਬਜ਼ੁਰਗ ਭਰਾ ਦੀ ਭੁੱਖ–ਪਿਆਸ ਨਾਲ ਹੀ ਮੌਤ ਹੋ ਗਈ। ਉਨ੍ਹਾਂ ਦਾ ਗੁਜ਼ਾਰਾ ਪੈਨਸ਼ਨ ਨਾਲ ਹੀ ਚੱਲਦਾ ਸੀ।
ਉਂਝ ਹਾਲੇ ਦੋਵਾਂ ਦੀ ਪੋਸਟ–ਮਾਰਟਮ ਰਿਪੋਰਟ ਨਹੀਂ ਆਈ। ਉਸ ਤੋਂ ਬਾਅਦ ਹੀ ਦੋਵਾਂ ਦੀ ਮੌਤ ਦੇ ਅਸਲ ਕਾਰਨ ਸਪੱਸ਼ਟ ਹੋ ਸਕਣਗੇ।