ਕੋਰੋਨਾ ਸੰਕਟ ਅਤੇ ਲੌਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਨਾਲ ਵਾਪਰਨ ਵਾਲੇ ਹਾਦਸਿਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਹਾਲੇ ਰਾਤੀਂ ਪੰਜਾਬ ਤੋਂ ਪੈਦਲ ਬਿਹਾਰ ਜਾ ਰਹੇ 6 ਮਜਦੂਰਾਂ ਨੂੰ ਉੱਤਰ ਪ੍ਰਦੇਸ਼ ’ਚ ਬੱਸ ਨੇ ਕੁਚਲ ਦਿੱਤਾ ਸੀ ਤੇ ਹੁਣ ਮੱਧ ਪ੍ਰਦੇਸ਼ ਤੋਂ 8 ਮਜ਼ਦੂਰਾਂ ਦੇ ਇੱਕ ਸੜਕ ਹਾਦਸੇ ’ਚ ਮਾਰੇ ਜਾਣ ਦੀ ਖ਼ਬਰ ਆ ਗਈ ਹੈ।
ਇਸ ਹਾਦਸੇ ਵਿੱਚ 50 ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ। ਇਹ ਹਾਦਸਾ ਵੀ ਰਾਤੀਂ ਵਾਪਰਿਆ ਹੈ।
ਇਹ ਮਜ਼ਦੂਰ ਟਰੱਕ ’ਚ ਸਵਾਰ ਹੋ ਕੇ ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਪਰਤ ਰਹੇ ਸਨ। ਇਹ ਹਾਦਸਾ ਤਦ ਵਾਪਰਿਆ, ਜਦੋਂ ਟਰੱਕ ਦੀ ਬੱਸ ਨਾਲ ਟੱਕਰ ਹੋ ਗਈ।
ਮਜ਼ਦੂਰ ਟਰੱਕ ਵਿੱਚ ਸਫ਼ਰ ਕਰ ਰਹੇ ਸਨ। ਇਸ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਤੇ ਪ੍ਰਸ਼ਾਸਨ ਦੇ ਅਫ਼ਸਰ ਮੌਕੇ ਉੱਤੇ ਪੁੱਜੇ।
ਜ਼ਖ਼ਮੀਆਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਸਾਰੇ 8 ਮ੍ਰਿਤਕ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ ਤੇ ਮਹਾਰਾਸ਼ਟਰ ਪਰਤ ਰਹੇ ਸਨ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਹ ਹਾਦਸਾ ਗੁਨਾ ਦੇ ਛਾਉਣੀ ਥਾਣਾ ਇਲਾਕੇ ਕੋਲ ਦੇਰ ਰਾਤੀਂ ਵਾਪਰਿਆ। ਚਸ਼ਮਦੀਦ ਗਵਾਹਾਂ ਮੁਤਾਬਕ ਬੱਸ ਅਤੇ ਟਰੱਕ ਵਿਚਾਲੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਅੱਠ ਮਜ਼ਦੁਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੇਰਠ ’ਚ ਬੁੱਧਵਾਰ ਰਾਤੀਂ ਲਗਭਗ ਇੱਕ ਵਜੇ ਦਰਦਨਾਕ ਹਾਦਸੇ ’ਚ 6 ਵਿਅਕਤੀਆਂ ਦੀ ਮੌਤ ਹੋ ਗਈ। ਮੁਜ਼ੱਫ਼ਰਪੁਰ–ਸਹਾਰਨਪੁਰ ਸਟੇਟ ਹਾਈਵੇ ਉੱਤੇ ਪੰਜਾਬ ਤੋਂ ਪੈਦਲ ਪਰਤ ਰਹੇ ਮਜ਼ਦੂਰਾਂ ਨੂੰ ਇੱਕ ਰੋਡਵੇਜ਼ ਬੱਸ ਨੇ ਕੁਚਲ ਦਿੱਤਾ। ਉਸ ਹਾਦਸੇ ’ਚ ਚਾਰ ਮਜ਼ਦੂਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਦਰਅਸਲ, ਕੋਰੋਨਾ ਲੌਕਡਾਊਨ ਕਾਰਨ ਪ੍ਰਵਾਸੀ ਮਜ਼ਦੂਰ ਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ਵਿੱਚ ਫਸੇ ਹੋਏ ਹਨ ਤੇ ਹੁਣ ਜਦੋਂ ਲੌਕਡਾਊਨ ਵਿੱਚ ਥੋੜ੍ਹੀ ਢਿੱਲ ਮਿਲੀ ਹੈ, ਉਹ ਸਾਰੇ ਆਪੋ–ਆਪਣੇ ਘਰਾਂ ਨੂੰ ਪਰਤ ਰਹੇ ਹਨ।